ਏਡੀਸੀ (ਡੀ) ਅਮਿਤ ਬੈਂਬੀ ਨੇ ਮੀਟਿੰਗ ਦੀ ਕੀਤੀ ਪ੍ਰਧਾਨਗੀ
ਐਸ.ਏ.ਐਸ. ਨਗਰ, 13 ਜੂਨ : ਮਾਰਚ 2023 ਨੂੰ ਖ਼ਤਮ ਹੋਣ ਵਾਲੀ ਤਿਮਾਹੀ ਲਈ ਬੈਂਕਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਵਾਸਤੇ ਲੀਡ ਬੈਂਕ ਦਫ਼ਤਰ, ਪੰਜਾਬ ਨੈਸ਼ਨਲ ਬੈਂਕ, ਐਸ.ਏ.ਐਸ. ਨਗਰ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ. ਨਗਰ ਵਿਖੇ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਜ਼ਿਲ੍ਹਾ ਦੇ ਸਾਰੇ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰਾਂ ਅਤੇ ਸਬੰਧਤ ਵਿਭਾਗਾਂ ਨੇ ਭਾਗ ਲਿਆ।
ਇਸ ਮੀਟਿੰਗ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਬੈਂਬੀ ਵੱਲੋਂ ਕੀਤੀ ਗਈ। ਸ੍ਰੀ ਐਮ.ਕੇ. ਭਾਰਦਵਾਜ ਚੀਫ਼ ਲੀਡ ਜ਼ਿਲ੍ਹਾ ਮੈਨੇਜਰ, ਐਸ.ਏ.ਐਸ. ਨਗਰ ਨੇ ਏ.ਡੀ.ਸੀ.(ਡੀ) ਅਮਿਤ ਬੈਂਬੀ, ਡਿਪਟੀ ਜਨਰਲ ਮੈਨੇਜਰ, ਪੰਜਾਬ ਨੈਸ਼ਨਲ ਬੈਂਕ ਸ੍ਰੀਮਤੀ ਰੀਟਾ ਜੁਨੇਜਾ (ਸਰਕਲ ਹੈੱਡ, ਮੋਹਾਲੀ), ਜ਼ਿਲ੍ਹਾ ਵਿਕਾਸ ਮੈਨੇਜਰ, ਨਾਬਾਰਡ ਮਨੀਸ਼ ਗੁਪਤਾ, ਰਿਜ਼ਰਵ ਬੈਂਕ ਆਫ ਇੰਡੀਆ ਤੋਂ ਲੀਡ ਜ਼ਿਲ੍ਹਾ ਅਫ਼ਸਰ ਸ੍ਰੀਮਤੀ ਗਰਿਮਾ ਬਾਸੀ, ਜ਼ਿਲ੍ਹਾ ਡਾਇਰੈਕਟਰ ਆਰ.ਐਸ.ਈ.ਟੀ.ਆਈ. ਅਮਨਦੀਪ ਸਿੰਘ, ਜ਼ਿਲ੍ਹਾ ਕੋਆਰਡੀਨੇਟਰ, ਸਰਕਾਰ ਅਤੇ ਸਾਰੇ ਸੰਬਧਤ ਵਿਭਾਗਾਂ ਦੇ ਅਧਿਕਾਰੀਆਂ ਦਾ ਸਵਾਗਤ ਕੀਤਾ।
ਚੀਫ਼ ਐਲ.ਡੀ.ਐਮ. ਸ੍ਰੀ ਐਮ. ਕੇ. ਭਾਰਦਵਾਜ ਨੇ ਦੱਸਿਆ ਕਿ ਜ਼ਿਲ੍ਹੇ ਨੇ ਰਾਸ਼ਟਰੀ ਟੀਚੇ (40 ਫ਼ੀਸਦੀ) ਦੇ ਮੁਕਾਬਲੇ 43 ਫ਼ੀਸਦੀ ਦੀ ਪ੍ਰਾਪਤੀ ਨਾਲ ਤਰਜੀਹੀ ਖੇਤਰ ਦੇ ਟੀਚਿਆਂ ਨੂੰ ਪਾਰ ਕਰ ਲਿਆ ਹੈ। ਕ੍ਰੈਡਿਟ ਡਿਪਾਜ਼ਿਟ ਅਨੁਪਾਤ ਸਬੰਧੀ ਰਾਸ਼ਟਰੀ ਟੀਚੇ (60 ਫ਼ੀਸਦੀ) ਦੇ ਮੁਕਾਬਲੇ ਜ਼ਿਲ੍ਹੇ ਨੇ 60.03 ਫ਼ੀਸਦੀ ਪ੍ਰਾਪਤੀ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਜ਼ਿਲ੍ਹੇ ਵਿੱਚ ਖੇਤੀਬਾੜੀ ਖੇਤਰ ਘਾਟੇ ਵਿੱਚ ਜਾ ਰਿਹਾ ਹੈ ਅਤੇ ਹਰ ਬੈਂਕਰ ਦਾ ਫਰਜ਼ ਬਣਦਾ ਹੈ ਕਿ ਉਹ ਖੇਤੀਬਾੜੀ ਸੈਕਟਰ ਅਧੀਨ ਵਿੱਤੀ ਵਾਧਾ ਕਰੇ। ਉਨ੍ਹਾਂ ਐਮ.ਐਸ.ਐਮ.ਈ. ਸੈਕਟਰ ਵਿੱਚ ਪ੍ਰਾਈਵੇਟ ਬੈਂਕਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਪਰ ਨਾਲ ਹੀ ਕਮਜ਼ੋਰ ਖੇਤਰ ਦੀ ਤਰੱਕੀ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਜਿਸ ਵਿੱਚ ਕ੍ਰਮਵਾਰ 20 ਰੁਪਏ ਅਤੇ 436 ਰੁਪਏ ਦੇ ਘੱਟੋ-ਘੱਟ ਸਾਲਾਨਾ ਪ੍ਰੀਮੀਅਮ ਨਾਲ 2 ਲੱਖ ਰੁਪਏ ਦਾ ਦੁਰਘਟਨਾ ਵਿੱਚ ਮੌਤ ਸਬੰਧੀ ਬੀਮਾ ਅਤੇ ਜੀਵਨ ਬੀਮਾ ਹੈ, ਵਿੱਚ ਹਰੇਕ ਯੋਗ ਵਿਅਕਤੀ ਨੂੰ ਸ਼ਾਮਲ ਕਰਨ ਲਈ ਵਿੱਤੀ ਸੇਵਾਵਾਂ ਮੰਤਰਾਲੇ ਵੱਲੋਂ ਇੱਕ ਵਿਸ਼ੇਸ਼ ਜਨ ਸੁਰੱਖਿਆ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਸਮੂਹ ਮੈਂਬਰਾਂ ਨੂੰ ਦੱਬੇ-ਕੁਚਲੇ ਅਤੇ ਲੋੜਵੰਦਾਂ ਨੂੰ ਲਾਭ ਪਹੁੰਚਾਉਣ ਲਈ ਇਹਨਾਂ ਬੀਮਾ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ।
ਜ਼ਿਲ੍ਹਾ ਵਿਕਾਸ ਮੈਨੇਜਰ ਨਾਬਾਰਡ ਸ੍ਰੀ ਮਨੀਸ਼ ਗੁਪਤਾ ਨੇ ਮੀਟਿੰਗ ਦੌਰਾਨ ਨਾਬਾਰਡ ਵੱਲੋਂ ਪੇਂਡੂ ਗਰੀਬ ਮਹਿਲਾਵਾਂ ਦੇ ਸਵੈ-ਸਹਾਇਤਾ ਗਰੁੱਪ ਅਤੇ ਜੁਆਇੰਟ ਲਾਇਬਿਲਿਟੀ ਗਰੁੱਪ ਬਣਾ ਕੇ ਉਨ੍ਹਾਂ ਦੇ ਵਿਕਾਸ ਲਈ ਸਪਾਂਸਰ ਕੀਤੇ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਬੈਂਕ ਆਪਣੇ ਵਿਅਕਤੀਗਤ ਟੀਚਿਆਂ ਨੂੰ ਪ੍ਰਾਪਤ ਕਰ ਲੈਂਦੇ ਹਨ ਤਾਂ ਖੇਤੀਬਾੜੀ ਤੇ ਕਮਜ਼ੋਰ ਖੇਤਰ ਵਿੱਚ ਜ਼ਿਲ੍ਹੇ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਹੋ ਸਕਦਾ ਹੈ। ਉਨ੍ਹਾਂ ਪੰਜਾਬ ਗ੍ਰਾਮੀਣ ਬੈਂਕ ਅਤੇ ਕੁਝ ਪ੍ਰਾਈਵੇਟ ਬੈਂਕਾਂ ਵੱਲੋਂ ਖੇਤੀ ਬੁਨਿਆਦੀ ਢਾਂਚਾ ਸਕੀਮ ਲਈ ਪਾਏ ਜਾ ਰਹੇ ਵਿੱਤੀ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸਪਾਂਸਰ ਸਕੀਮਾਂ ਨੂੰ ਲਾਗੂ ਕਰਨ ਲਈ ਜ਼ਮੀਨੀ ਪੱਧਰ 'ਤੇ ਲਾਮਬੰਦੀ ਬੈਂਕਰਾਂ ਦੀ ਮਦਦ ਨਾਲ ਹੀ ਸੰਭਵ ਹੈ।
ਲੀਡ ਜ਼ਿਲ੍ਹਾ ਅਫ਼ਸਰ, ਰਿਜ਼ਰਵ ਬੈਂਕ ਆਫ਼ ਇੰਡੀਆ ਸ੍ਰੀਮਤੀ ਗਰਿਮਾ ਬਾਸੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੇਂਡੂ ਸ਼ਾਖਾਵਾਂ ਨੂੰ ਉਪਲਬਧ ਡਿਜੀਟਲਾਈਜ਼ੇਸ਼ਨ ਚੈਨਲਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਉਣੇ ਚਾਹੀਦੇ ਹਨ ਤਾਂ ਜੋ ਕਵਰ ਨਾ ਕੀਤੇ ਅਕਾਊਂਟਸ ਨੂੰ ਵੀ ਕਵਰ ਕੀਤਾ ਜਾ ਸਕੇ ਅਤੇ ਜ਼ਿਲ੍ਹਾ 100 ਫ਼ੀਸਦੀ ਡਿਜੀਟਲਾਈਜ਼ੇਸ਼ਨ ਟੀਚਾ ਪ੍ਰਾਪਤ ਕਰ ਸਕੇ। ਜ਼ਿਲ੍ਹੇ ਨੂੰ ਖੇਤੀਬਾੜੀ ਅਤੇ ਕਮਜ਼ੋਰ ਸੈਕਟਰ ਨੂੰ ਹੁਲਾਰਾ ਦੇਣ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਵਿਕਾਸ ਲਈ ਪ੍ਰਭਾਵਸ਼ਾਲੀ ਯੋਜਨਾਬੰਦੀ ਬਣਾਉਣ ਦੇ ਨਾਲ ਨਾਲ ਰਾਸ਼ੀ ਦੇ ਸਹੀ ਵਰਗੀਕਰਨ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ।
ਡਿਪਟੀ ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਸ੍ਰੀਮਤੀ ਰੀਟਾ ਜੁਨੇਜਾ ਨੇ ਕਿਹਾ ਕਿ ਬੈਂਕਰਾਂ ਨੂੰ ਭਾਰਤ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਤੇ ਨੀਤੀਆਂ ਨੂੰ ਲਾਗੂ ਕਰਕੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਲੋੜਵੰਦਾਂ ਦੀ ਸਹਾਇਤਾ ਕਰਨਾ ਹਰ ਬੈਂਕਰ ਦੀ ਸਮਾਜਿਕ ਜ਼ਿੰਮੇਵਾਰੀ ਅਤੇ ਫਰਜ਼ ਹੈ। ਆਰ.ਐਸ.ਈ.ਟੀ.ਆਈ., ਐਸ.ਜੀ. ਕ੍ਰੈਡਿਟ ਲਿੰਕੇਜ ਅਧੀਨ ਬੈਂਕਾਂ ਕੋਲ ਬਕਾਇਆ ਅਰਜ਼ੀਆਂ ਸਬੰਧੀ ਉਨ੍ਹਾਂ ਕਿਹਾ ਕਿ ਜੇਕਰ ਬਿਨੈਕਾਰ ਨੂੰ ਬੈਂਕਾਂ ਵੱਲੋਂ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਂਦੀ ਹੈ ਤਾਂ ਬਿਨੈਕਾਰਾਂ ਨੂੰ ਸਿਖਲਾਈ ਦੇਣ ਲਈ ਸਰਕਾਰੀ ਵਿਭਾਗਾਂ, ਆਰ.ਐਸ.ਈ.ਟੀ.ਆਈ., ਦੇ ਸਾਰੇ ਸਰੋਤ ਅਤੇ ਕੋਸ਼ਿਸ਼ਾਂ ਵਿਅਰਥ ਹਨ।
ਏਡੀਸੀ (ਡੀ) ਅਮਿਤ ਬੈਂਬੀ ਨੇ ਸਾਲਾਨਾ ਕ੍ਰੈਡਿਟ ਯੋਜਨਾ 2022-23 ਤਹਿਤ ਕਿਊ.ਈ. ਮਾਰਚ 2023 ਲਈ ਬੈਂਕਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਬੈਂਕਰਾਂ ਨੂੰ ਸਾਰੀਆਂ ਸਰਕਾਰੀ ਸਪਾਂਸਰਡ ਸਕੀਮਾਂ ਅਧੀਨ ਬਕਾਇਆ ਅਰਜ਼ੀਆਂ ਪ੍ਰਤੀ ਸਕਾਰਾਤਮਕ ਅਤੇ ਹਮਦਰਦੀ ਵਾਲੀ ਪਹੁੰਚ ਅਪਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਪੀ.ਐਮ.ਐਸ.ਬੀ.ਵਾਈ ਅਤੇ ਪੀ.ਐਮ.ਜੇ.ਜੇ.ਬੀ.ਵਾਈ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਬਹੁਤ ਲਾਭਦਾਇਕ ਸਕੀਮਾਂ ਹਨ ਅਤੇ ਇਹ ਸਾਡਾ ਫਰਜ਼ ਹੈ ਕਿ ਇਹਨਾਂ ਸਕੀਮ ਦੇ ਲਾਭਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਜ਼ਿਲ੍ਹੇ ਦੇ ਹਰੇਕ ਯੋਗ ਵਿਅਕਤੀ ਨੂੰ ਇਹਨਾਂ ਸਕੀਮਾਂ ਦਾ ਪਹੁੰਚਾਇਆ ਜਾਵੇ। ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਸਕੀਮ ਦੇ ਲਾਭਾਂ ਬਾਰੇ ਵੀ ਜਾਣੂ ਕਰਵਾਉਂਦਿਆਂ ਵਿਭਾਗਾਂ ਨੂੰ ਵੱਧ ਤੋਂ ਵੱਧ ਯੋਗ ਵਿਅਕਤੀਆਂ ਨੂੰ ਇਹਨਾਂ ਵਿੱਚ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਾਰੇ ਬੈਂਕਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਸਾਰੇ ਗਾਹਕਾਂ ਨੂੰ ਇਹਨਾਂ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਰੋਜ਼ਾਨਾ ਕੁਝ ਸਮਾਂ ਲਗਾਉਣ। ਉਨ੍ਹਾਂ ਨੇ ਸਾਰੀਆਂ ਬ੍ਰਾਂਚਾਂ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਕਿ ਏ.ਟੀ.ਐਮ ਅਤੇ ਬ੍ਰਾਂਚਾਂ ਦੇ ਸੀਸੀਟੀਵੀ ਪੂਰੀ ਤਰ੍ਹਾਂ ਕਾਰਜਸ਼ੀਲ ਹਨ। ਜੇਕਰ ਕੋਈ ਏਟੀਐਮ ਕਾਰਜਸ਼ੀਲ ਨਾ ਪਾਇਆ ਗਿਆ ਤਾਂ ਸਬੰਧਤ ਸ਼ਾਖਾ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਚੀਫ਼ ਐਲ.ਡੀ.ਐਮ. ਸ੍ਰੀ ਐਮ.ਕੇ. ਭਾਰਦਵਾਜ ਨੇ ਏ.ਡੀ.ਸੀ.(ਡੀ) ਦਾ ਉਹਨਾਂ ਦੇ ਵਡਮੁੱਲੇ ਮਾਰਗਦਰਸ਼ਨ ਲਈ ਧੰਨਵਾਦ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਰੋਸਾ ਦਿਵਾਇਆ ਕਿ ਬੈਂਕ ਸਾਰੀਆਂ ਸਰਕਾਰੀ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਮੌਜੂਦਾ ਵਿੱਤੀ ਸਾਲ ਵਿੱਚ ਦਿੱਤੇ ਗਏ ਸਲਾਨਾ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪੁਰਜ਼ੋਰ ਯਤਨ ਕਰਨਗੇ।


No comments:
Post a Comment