ਸਰਵੇਖਣਾਂ ਅਤੇ ਮੈਡੀਕਲ ਕੈਂਪਾਂ ਵਿੱਚ ਕੋਈ ਢਿੱਲ ਨਾ ਛੱਡੀ ਜਾਵੇ
ਐਸ.ਏ.ਐਸ.ਨਗਰ, 19 ਜੁਲਾਈ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਡਾਇਰੀਆ ਪ੍ਰਭਾਵਿਤ ਅਤੇ ਸੰਵੇਦਨਸ਼ੀਲ ਖੇਤਰਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਸਤ ਅਤੇ ਹੈਜ਼ੇ ਦੇ ਹੋਰ ਪ੍ਰਕੋਪ ਨੂੰ ਰੋਕਣ ਲਈ ਆਪਣੇ ਨੇੜਲੇ ਮੈਡੀਕਲ ਕੈਂਪਾਂ ਵਿੱਚ ਜਾਣ। ਉਨ੍ਹਾਂ ਕਿਹਾ ਕਿ ਡਾਕਟਰੀ ਟੀਮਾਂ ਦਸਤ ਅਤੇ ਹੈਜ਼ੇ ਦੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਪਤਾ ਲਗਾਉਣ ਲਈ ਪੂਰੀ ਵਾਹ ਲਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਬਾਅਦ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣਾ ਸਾਡੇ ਸਾਹਮਣੇ ਵੱਡੀ ਚੁਣੌਤੀ ਹੈ ਅਤੇ ਆਪਣੀ ਡਿਊਟੀ ਪ੍ਰਤੀ ਕੋਈ ਅਣਦੇਖੀ ਸਾਨੂੰ ਮਹਿੰਗੀ ਪੈ ਸਕਦੀ ਹੈ, ਇਸ ਲਈ ਘਰ-ਘਰ ਜਾ ਕੇ ਘਰ-ਘਰ ਜਾ ਕੇ ਨਿਗਰਾਨੀ ਰੱਖੀ ਜਾਵੇ ਅਤੇ ਕਲੋਰੀਨ ਅਤੇ ਜ਼ਿੰਕ ਦੀਆਂ ਗੋਲੀਆਂ ਅਤੇ ਓ.ਆਰ.ਐੱਸ. ਦੇ ਪੈਕਟਾਂ ਦੀ ਵੰਡ ਕੀਤੀ ਜਾਵੇ।
ਬੁੱਧਵਾਰ ਸ਼ਾਮ ਨੂੰ ਕੀਤੀ ਮੀਟਿੰਗ ’ਚ ਸਥਿਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਭਾਵਿਤ ਖੇਤਰਾਂ ਵਿੱਚ ਇੱਕ ਲੱਖ ਦੇ ਕਰੀਬ ਕਲੋਰੀਨ ਦੀਆਂ ਗੋਲੀਆਂ ਤੇ11000 ਜ਼ਿੰਕ ਦੀਆਂ ਗੋਲੀਆਂ ਤੋਂ ਇਲਾਵਾ 18000 ਓ.ਆਰ.ਐਸ ਦੇ ਪੈਕੇਟ ਵੰਡੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੰਘੀ ਸ਼ਾਮ ਤੋਂ ਅਸੀਂ ਪ੍ਰਭਾਵਿਤ ਖੇਤਰਾਂ ਵਿੱਚ ਬੋਤਲ ਬੰਦ ਪਾਣੀ ਵੰਡਣਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਹਸਪਤਾਲਾਂ ਵਿੱਚ 99 ਕੇਸ ਹਨ ਪਰ ਇੱਕ ਹਾਂ-ਪੱਖੀ ਰੁਝਾਨ ਹੈ ਕਿ ਬਲੌਂਗੀ ਦੇ ਹੌਟਸਪੌਟ ਖੇਤਰ ਵਿੱਚ ਬੀਤੀ ਸ਼ਾਮ ਤੋਂ ਉਲਟ ਰੁਝਾਨ ਦੇਖਿਆ ਗਿਆ ਹੈ, ਹੁਣ ਉੱਥੇ ਕੇਸਾਂ ਦੀ ਗਿਣਤੀ ਘਟਣ ਲੱਗ ਪਈ ਹੈ। ਜ਼ਿਲ੍ਹੇ ’ਚ 99 ਕੇਸਾਂ ਵਿੱਚੋਂ 78 ਜ਼ਿਲ੍ਹਾ ਹਸਪਤਾਲ, ਡੇਰਾਬੱਸੀ ਵਿਖੇ 07, ਕੁਰਾਲੀ ਵਿਖੇ 04, ਢਕੋਲੀ ਵਿਖੇ 05, ਬਨੂੜ ਵਿਖੇ 03, ਘੜੂੰਆਂ ਵਿਖੇ 02 ਮਰੀਜ਼ ਇਲਾਜ ਅਧੀਨ ਹਨ ਜਦਕਿ ਕੁੱਲ 18 ਮਰੀਜ਼ਾਂ ਨੂੰ ਅੱਜ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਮੈਡੀਕਲ ਟੀਮਾਂ ਵੱਲੋਂ ਪ੍ਰਸ਼ਾਸਨਿਕ ਟੀਮਾਂ ਨਾਲ ਤਾਲਮੇਲ ਕਰਕੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਇਸ ਪ੍ਰਕੋਪ ਨੂੰ ਪੂਰੀ ਤਰ੍ਹਾਂ ਨਾਲ ਕਾਬੂ ਕਰਨ ਲਈ ਅਗਲੇ ਕੁਝ ਦਿਨਾਂ ਤੱਕ ਪੂਰੀ ਤਰ੍ਹਾਂ ਤਿਆਰ ਰਹਿਣ ਲਈ ਕਿਹਾ।
ਉਨ੍ਹਾਂ ਕਮਜ਼ੋਰ ਅਤੇ ਪ੍ਰਭਾਵਿਤ ਖੇਤਰਾਂ ਦੇ ਵਸਨੀਕਾਂ ਨੂੰ ਸਿਹਤ ਵਿਭਾਗ ਵੱਲੋਂ ਸੁਝਾਈਆਂ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਉਬਾਲਿਆ ਪਾਣੀ, ਕਲੋਰੀਨ ਵਾਲਾ ਪਾਣੀ ਜਾਂ ਬੋਤਲ ਬੰਦ ਪਾਣੀ ਦਾ ਸੇਵਨ ਕਰਨ ਤੋਂ ਇਲਾਵਾ ਤਾਜ਼ਾ ਪਕਾਇਆ ਭੋਜਨ ਖਾਣਾ ਦਸਤ ਅਤੇ ਹੈਜ਼ੇ ਤੋਂ ਬਚਣ ਦਾ ਸਭ ਤੋਂ ਸੁਰੱਖਿਅਤ ਤਰੀਕਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਅਤੇ ਸਿਹਤ ਟੀਮਾਂ ਇਨ੍ਹਾਂ ਬਿਮਾਰੀਆਂ ਨੂੰ ਰੋਕਣ ਲਈ 24 ਘੰਟੇ ਕੰਮ ਕਰ ਰਹੀਆਂ ਹਨ ਪਰ ਸਾਵਧਾਨੀਆਂ ਦੀ ਪਾਲਣਾ ਕਰਕੇ ਬਿਮਾਰੀਆਂ ਤੋਂ ਬਚਣ ਵਿੱਚ ਜ਼ਿਲ੍ਹਾ ਵਾਸੀਆਂ ਦਾ ਸਹਿਯੋਗ ਵੀ ਜ਼ਰੂਰੀ ਹੈ।
ਮੀਟਿੰਗ ਵਿੱਚ ਏ ਡੀ ਸੀ (ਯੂ ਡੀ) ਦਮਨਜੀਤ ਸਿੰਘ ਮਾਨ, ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ, ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਡਾਇਰੈਕਟਰ ਡਾ. ਭਵਨੀਤ ਤੋਂ ਇਲਾਵਾ ਜ਼ਿਲ੍ਹੇ ਦੇ ਐਸਡੀਐਮਜ਼ ਅਤੇ ਐਸਐਮਓਜ਼ ਹਾਜ਼ਰ ਸਨ।
No comments:
Post a Comment