SBP GROUP

SBP GROUP

Search This Blog

Total Pageviews

Wednesday, July 19, 2023

ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਵਲੋਂ ਸ਼ਹਿਰੀ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ

 ਐੱਸ.ਏ.ਐੱਸ. ਨਗਰ, 19 ਜੁਲਾਈ : ਜ਼ਿਲ੍ਹੇ ਵਿੱਚ ਵੱਖੋ-ਵੱਖ ਥਾਈਂ ਸੀਵੇਜ ਟ੍ਰੀਟਮੈਂਟ ਪਲਾਂਟ (ਐੱਸ.ਟੀ.ਪੀ.) ਲਾਉਣ ਦੀ ਪ੍ਰਕਿਰਿਆ ਜੰਗੀ ਪੱਧਰ ਉੱਤੇ ਜਾਰੀ ਹੈ ਤੇ ਇਨ੍ਹਾਂ ਪ੍ਰੋਜੈਕਟਾਂ ਨੂੰ ਜ਼ਮੀਨੀ ਪੱਧਰ ਉੱਤੇ ਤਿਆਰ ਕਰਵਾਉਣ ਬਾਬਤ ਜੋ ਵੀ ਕਾਰਜ ਲੋੜੀਂਦੇ ਹਨ, ਉਹ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ। ਤੈਅ ਪ੍ਰੋਜੈਕਟਾਂ ਦੀ ਪੂਰਤੀ ਨਾਲ ਨਾ ਕੇਵਲ ਸੀਵਰੇਜ ਦੇ ਪਾਣੀ ਦਾ ਢੁਕਵਾਂ ਪ੍ਰਬੰਧਨ ਹੋਵੇਗਾ ਸਗੋਂ ਹੜ੍ਹਾਂ ਵਰਗੀ ਸਥਿਤੀ ਨੂੰ ਨਜਿੱਠਣ ਵਿਚ ਮਦਦ ਮਿਲੇਗੀ। ਟ੍ਰੀਟ ਕੀਤਾ ਪਾਣੀ ਵੱਖੋ-ਵੱਖ ਥਾਂ ਸਿੰਜਾਈ ਕਾਰਜਾਂ ਲਈ ਵਰਤਿਆ ਜਾਵੇਗਾ। 


ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ. ਦਮਨਜੀਤ ਸਿੰਘ ਮਾਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਵਾਤਾਵਰਨ ਕਮੇਟੀ ਅਤੇ ਸ਼ਹਿਰੀ ਖੇਤਰ ਵਿਚਲੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਸੱਦੀ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। 

ਵਧੀਕ ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਖਰੜ ਦੇ ਕਾਰਜਸਾਧਕ ਅਫ਼ਸਰ ਨੂੰ ਹਦਾਇਤ ਕੀਤੀ ਕਿ ਹਸਪਤਾਲ ਰੋਡ ਖਰੜ ਵਿਖੇ 11.34 ਕਰੋੜ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ 10 ਐਮ.ਐਲ.ਡੀ. ਦੇ ਐੱਸ.ਟੀ.ਪੀ. ਸਬੰਧੀ ਜ਼ਮੀਨ ਮੁਹਈਆ ਕਰਵਾਉਣ ਬਾਬਤ ਜਿਹੜੇ ਵੀ ਬਕਾਇਆ ਕਾਰਜ ਹਨ, ਉਹ ਪਹਿਲ ਦੇ ਅਧਾਰ ਉੱਤੇ ਪੂਰੇ ਕੀਤੇ ਜਾਣ। ਇਸ ਦੇ ਨਾਲ-ਨਾਲ ਖਰੜ - ਲੁਧਿਆਣਾ ਰੋਡ ਉੱਤੇ 1.84 ਕਰੋੜ ਦੀ ਲਾਗਤ ਨਾਲ ਨਾਲ ਪੈਣ ਵਾਲੇ ਸੀਵਰੇਜ ਸਬੰਧੀ ਕਾਰਜ ਪੂਰੇ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। 

ਸ. ਮਾਨ ਨੇ ਲਾਂਡਰਾਂ ਰੋਡ ਉੱਤੇ 47.40 ਕਰੋੜ ਰੁਪਏ ਦੀ ਲਾਗਤ ਲੱਗਣ ਵਾਲੇ ਐੱਸ.ਟੀ.ਪੀ. ਅਤੇ ਪੈਣ ਵਾਲੇ ਸੀਵਰੇਜ ਦੀ ਪ੍ਰਕਿਰਿਆ ਤੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਹਨਾਂ ਨੇ 17.45 ਏਕੜ ਵਿਚ 117.04 ਕਰੋੜ ਦੀ ਲਾਗਤ ਵਾਲੇ ਸਰਫੇਸ ਵਾਟਰ (ਨਹਿਰੀ ਪਾਣੀ) ਪ੍ਰੋਜੈਕਟ ਸਬੰਧੀ ਵੀ ਜਿਹੜੇ ਵੀ ਅੜਿੱਕੇ ਹਨ, ਉਹ ਫੌਰੀ ਦੂਰ ਕਰਨ ਦੀ ਗੱਲ ਆਖੀ। ਉਹਨਾਂ ਦੱਸਿਆ ਕਿ ਕੁਰਾਲੀ ਵਿਖੇ ਵੀ 6.80 ਏਕੜ ਵਿਚ 30.51 ਕਰੋੜ ਦੀ ਲਾਗਤ ਨਾਲ ਸਰਫੇਸ ਵਾਟਰ ਪ੍ਰੋਜੈਕਟ ਲਾਇਆ ਜਾਣਾ ਹੈ। ਜ਼ਿਕਰਯੋਗ ਹੈ ਸਰਫੇਸ ਵਾਟਰ ਪ੍ਰੋਜੈਕਟਸ ਸਦਕਾ ਲੋਕਾਂ ਨੂੰ ਪੀਣ ਲਈ ਨਹਿਰ ਦਾ ਪਾਣੀ ਮੁਹਈਆ ਕਰਵਾਇਆ ਜਾਣਾ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਯਾ ਗਾਓਂ ਵਿਖੇ 34.4 ਕਰੋੜ ਰੁਪਏ ਦੀ ਲਾਗਤ ਨਾਲ 17 ਐਮ.ਐਲ.ਡੀ. ਦਾ ਐੱਸ.ਟੀ.ਪੀ., ਜ਼ੀਰਕਪੁਰ ਦੇ ਸਨੌਲੀ ਖੇਤਰ ਵਿਖੇ 55 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਉਣ ਤੇ 22.5 ਐਮ. ਐੱਲ.ਡੀ. ਦਾ ਐੱਸ.ਟੀ.ਪੀ. ਲਾਉਣ, ਛੱਤ ਖੇਤਰ ਵਿਚ 30 ਕਰੋੜ ਦੀ ਲਾਗਤ ਨਾਲ ਸੀਵਰੇਜ ਪਾਉਣ ਤੇ 10 ਐਮ.ਐੱਲ.ਡੀ. ਦਾ ਐੱਸ.ਟੀ.ਪੀ. ਲਾਉਣ ਸਬੰਧੀ ਪ੍ਰਕਿਰਿਆ ਜਾਰੀ ਹੈ। 

ਸ. ਮਾਨ ਨੇ ਦੱਸਿਆ ਕਿ ਡੇਰਾਬੱਸੀ ਖੇਤਰ ਵਿਚ 47 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਉਣ ਤੇ ਐੱਸ.ਟੀ.ਪੀ. ਸਥਾਪਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸੇ ਖੇਤਰ ਵਿਚ 3.26 ਕਰੋੜ ਦੀ ਲਾਗਤ ਨਾਲ ਟਿਊਬਵੈੱਲ ਲਾਉਣ ਸਬੰਧੀ ਟੈਂਡਰ ਮੰਗੇ ਗਏ ਹਨ। ਲਾਲੜੂ ਖੇਤਰ ਵਿਚ ਕਰੀਬ 44 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਉਣ ਤੇ ਐੱਸ.ਟੀ.ਪੀ. ਲਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਗਿਆ ਹੈ। ਇਸੇ ਖੇਤਰ ਵਿਚ ਕਰੀਬ 2.36 ਕਰੋੜ ਰੁਪਏ ਦੀ ਲਾਗਤ ਨਾਲ ਟਿਊਬਵੈੱਲ ਲਾਉਣ ਸਬੰਧੀ ਟੈਂਡਰ ਪ੍ਰਾਪਤ ਹੋ ਚੁੱਕੇ ਹਨ। 

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹਨਾਂ ਕਾਰਜਾਂ ਦੀ ਗੁਣਵੱਤਾ ਸਬੰਧੀ ਕਿਸੇ ਕਿਸਮ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਪੰਜਾਬ ਅਰਬਨ ਇਨਵਾਇਰਨਮੈਂਟ ਇੰਪਰੂਵਮੈਂਟ ਪਲਾਨ ਅਧੀਨ ਆਉਂਦੇ ਪ੍ਰੋਜੈਕਟਾਂ ਦੀ ਸਮੀਖਿਆ ਵੀ ਕੀਤੀ ਤੇ ਪ੍ਰੋਜੈਕਟਾਂ ਨੂੰ ਤੈਅ ਸਮੇਂ ਵਿਚ ਮੁਕੰਮਲ ਕਰਨ ਲਈ ਕਿਹਾ

ਸ. ਦਮਨਜੀਤ ਸਿੰਘ ਮਾਨ ਨੇ ਨਗਰ ਨਿਗਮ ਮੋਹਾਲੀ ਅਤੇ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਤੇ ਇਸ ਸਬੰਧੀ ਵੱਧ ਤੋਂ ਵੱਧ ਚੈਕਿੰਗ ਯਕੀਨੀ ਬਣਾ ਕੇ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। 

ਇਸ ਮੌਕੇ ਕਮਿਸ਼ਨਰ, ਨਗਰ ਨਿਗਮ, ਸ਼੍ਰੀਮਤੀ ਨਵਜੋਤ ਕੌਰ, ਐੱਸ.ਡੀ.ਐਮ. ਖਰੜ ਸ.ਰਵਿੰਦਰ ਸਿੰਘ,  ਐੱਸ.ਡੀ.ਐਮ ਡੇਰਾਬੱਸੀ ਸ਼੍ਰੀ ਹਿਮਾਂਸ਼ੂ ਗੁਪਤਾ, ਸੰਯੁਕਤ ਕਮਿਸ਼ਨਰ, ਨਗਰ ਨਿਗਮ, ਸ਼੍ਰੀਮਤੀ ਕਿਰਨ ਸ਼ਰਮਾ ਸਮੇਤ ਜ਼ਿਲ੍ਹੇ ਵਿਚਲੇ ਸਾਰੇ ਕਾਰਜਸਾਧਕ ਅਫ਼ਸਰ ਤੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

No comments:


Wikipedia

Search results

Powered By Blogger