ਐਸ.ਏ.ਐਸ.ਨਗਰ, 19 ਜੁਲਾਈ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਕਾਰਗੁਜ਼ਾਰੀ ਅਧਾਰਤ ਏਜੰਡੇ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਦੇ ਹੋਏ ਮੋਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਬੁੱਧਵਾਰ ਨੂੰ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਮਾਲ ਅਫਸਰਾਂ ਲਈ ਕਾਰਗੁਜ਼ਾਰੀ ਅਧਾਰਤ ਮਾਪਦੰਡ ਪੇਸ਼ ਕੀਤੇ। ਉੁਨ੍ਹਾਂ ਕਿਹਾ ਕਿ ਔਸਤ ਤੋਂ ਘੱਟ ਕਾਰਗੁਜ਼ਾਰੀ ਨੂੰ ਪੀਲਾ ਕਾਰਡ ਜਾਰੀ ਕੀਤਾ ਜਾਵੇਗਾ ਅਤੇ ਜੇਕਰ ਸਬੰਧਤ ਕਰਮਚਾਰੀ ਕੋਈ ਮਹੱਤਵਪੂਰਨ ਸੁਧਾਰ ਨਹੀਂ ਦਿਖਾਉਂਦਾ ਤਾਂ ਉੁਸ ਨੂੰ ਲਾਲ ਕਾਰਡ ਜਾਰੀ ਕਰਦੇ ਹੋਏ ਉਸਦੀ ਸਾਲਾਨਾ ਗੁਪਤ ਰਿਪੋਰਟ (ਏ ਸੀ ਆਰ) ਵਿੱਚ ਇਸ ਬਾਰੇ ਪ੍ਰੇਖਣ ਦਰਜ ਕੀਤਾ ਜਾਵੇਗਾ।
ਬੁੱਧਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿਖੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਾਸਿਕ ਸਮੀਖਿਆ ਮੀਟਿੰਗ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕੰਮ ਕਰਕੇ ਦਿਖਾਉਣ ਦਾ ਸਮਾਂ ਹੈ ਅਤੇ ਕੰਮ ਨਾ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ ਹੈ। ਦਫ਼ਤਰ ਦੇ ਸਮੇਂ ਅਤੇ ਕੰਮਕਾਜ ਦੀ ਬਾਕਾਇਦਗੀ ਨੂੰ ਬਰਕਰਾਰ ਰੱਖਣ ਦੀ ਹਦਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਵਾਧੂ ਚਾਰਜ ਸੰਭਾਲਦਾ ਹੈ ਤਾਂ ਦਫ਼ਤਰ ਦੇ ਬਾਹਰ ਨੋਟਿਸ ਲਾ ਕੇ, ਦਫ਼ਤਰ ਵਿੱਚ ਉਪਲਬਧਤਾ ਦੇ ਸਮੇਂ ਜਾਂ ਦਿਨਾਂ ਦਾ ਜ਼ਿਕਰ ਕਰਨਾ ਲਾਜ਼ਮੀ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਮਾਲ ਅਧਿਕਾਰੀਆਂ ਨੂੰ ਨਿਯਮਿਤ ਤੌਰ ’ਤੇ ਅਦਾਲਤੀ ਕਾਰਵਾਈ ਕਰਨ ਦੀ ਹਦਾਇਤ ਦਿੰਦਿਆਂ ਇੱਕ ਸਾਲ ਤੋਂ ਪੁਰਾਣੇ ਸਾਰੇ ਕੇਸਾਂ ਦਾ ਫੈਸਲਾ ਸਾਰੀਆਂ ਮਾਲ ਅਦਾਲਤਾਂ ਵਿੱਚ 15 ਅਗਸਤ, 2023 ਤੱਕ ਕਰਨ, ਛੇ ਮਹੀਨਿਆਂ ਤੋਂ ਵੱਧ ਲੰਬਿਤ ਕੇਸਾਂ ਦਾ ਫੈਸਲਾ 15 ਸਤੰਬਰ, 2023 ਤੱਕ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਚੰਗੀ ਕਾਰਗੁਜ਼ਾਰੀ ਦਿਖਾਉਣ ’ਤੇ ਸ਼ਲਾਘਾ ਵੀ ਕੀਤੀ ਜਾਵੇਗੀ।
ਜ਼ਿਲ੍ਹੇ ’ਚ ਪਏ ਬਕਾਇਆ ਇੰਤਕਾਲਾਂ ’ਚੋਂ 25 ਪ੍ਰਤੀਸ਼ਤ ਨੂੰ ਨਿਪਟਾਏ ਜਾਣ ਲਈ ਦਿਖਾਈ ਗਈ ਪ੍ਰਗਤੀ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਨੇ 15 ਅਗਸਤ ਤੱਕ ਬਕਾਇਆ ਕੇਸਾਂ ਨੂੰ 50 ਪ੍ਰਤੀਸ਼ਤ ਤੱਕ ਘਟਾਉਣ ਅਤੇ ਬਾਕੀ ਬਚਦੇ ਸਾਰੇ ਕੇਸਾਂ ਨੂੰ 15 ਸਤੰਬਰ, 2023 ਤੱਕ ਨਿਪਟਾਉਣ ਲਈ ਕਿਹਾ।
ਉਨ੍ਹਾਂ ਅੱਗੇ ਕਿਹਾ ਕਿ ਪੈਮਾਇਸ਼ ਦੇ ਕੇਸਾਂ ਦੇ ਨਿਪਟਾਰੇ ਵਿੱਚ ਵੀ ਮਹੱਤਵਪੂਰਨ ਪ੍ਰਗਤੀ ਹੋਈ ਹੈ ਅਤੇ ਸਮੀਖਿਆ ਮਿਆਦ ਦੌਰਾਨ ਲਗਭਗ 200 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ। ਇਸ ਸਮੇਂ ਕੋਈ ਵੀ ਲੰਬਿਤ ਕੇਸ ਨਹੀਂ ਹੈ ਜੋ ਨਿਰਧਾਰਤ ਸਮਾਂ-ਸੀਮਾ ਤੋਂ ਵੱਧ ਹੋਵੇ, ਇਸ ਲਈ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹ ਪੈਮਾਇਸ਼ ਦੇ ਕੇਸਾਂ ਦੇ ਨਿਪਟਾਰੇ ਲਈ ਇਸੇ ਤਰ੍ਹਾਂ ਦੀ ਕਾਰਜ-ਕੁਸ਼ਲਤਾ ਬਣਾਈ ਰੱਖਣ ਅਤੇ ਅਜਿਹੀ ਕਿਸੇ ਵੀ ਅਰਜ਼ੀ ਨੂੰ ਰੱਦ ਕਰਨ, ਜਿੱਥੇ ਫਸਲ ਦੀ ਬਿਜਾਈ ਦੇ ਹੋ ਜਾਣ ਕਾਰਨ ਮਿਣਤੀ ਸੰਭਵ ਨਹੀਂ ਹੋ ਸਕਦੀ। ਮਾਲ ਅਫਸਰਾਂ ਨੂੰ ਬਕਾਇਆ ਵਸੂਲੀ ਨੂੰ ਤੇਜ਼ ਕਰਨ ਲਈ ਆਪੋ-ਆਪਣੇ ਖੇਤਰਾਂ ਵਿੱਚ ਘੱਟੋ-ਘੱਟ ਪੰਜ ਫੀਸਦੀ ਬਕਾਇਆ ਦੀ ਰਿਕਵਰੀ ਦਾ ਕੰਮ ਸੌਂਪਿਆ ਗਿਆ।
ਇਸ ਤੋਂ ਇਲਾਵਾ ਸਵਾਮੀਤਵਾ ਸਕੀਮ ਦੀ ਪ੍ਰਗਤੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਐਸ.ਡੀ.ਐਮਜ਼ ਨੂੰ ਬਿਨਾਂ ਕਿਸੇ ਦੇਰੀ ਦੇ ਬਕਾਇਆ ਨਕਸ਼ਿਆਂ ਨੂੰ ਨਿਟਾਉਣ ਲਈ ਕਿਹਾ ਗਿਆ। ਇਸੇ ਤਰ੍ਹਾਂ, 2022-23 ਦੀ ਜਮ੍ਹਾਂਬੰਦੀ ਦੀ ਤਿਆਰੀ ਅਤੇ ਜਮ੍ਹਾਂ ਕਰਵਾਉਣ ਦੀ ਸਮਾਂ ਸੀਮਾ ਵੀ 31 ਅਗਸਤ ਨਿਸ਼ਚਿਤ ਕੀਤੀ ਗਈ। ਵੱਖ-ਵੱਖ ਸੜ੍ਹਕਾਂ ਲਈ ਜ਼ਮੀਨ ਪ੍ਰਾਪਤੀ ਨਾਲ ਸਬੰਧਤ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ ਅਤੇ ਲੰਬਿਤ ਮਸਲਿਆਂ ਨੂੰ ਹੱਲ ਕਰਕੇ ਅਗਲੀ ਕਾਰਵਾਈ ਜਲਦੀ ਤੋਂ ਜਲਦੀ ਕਰਨ ਦੇ ਨਿਰਦੇਸ਼ ਦਿੱਤੇ ਗਏ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਈ-ਸੇਵਾ ਦੇ ਬਕਾਇਆ ਮਾਮਲਿਆਂ ਦੀ ਨਿਯਮਤ ਤੌਰ ’ਤੇ ਨਿਗਰਾਨੀ ਕਰਨ। ਉਨ੍ਹਾਂ ਕਿਹਾ ਕਿ ਈ-ਸੇਵਾ ਵਿੱਚ ਪੈਂਡੈਂਸੀ ਦਾ ਪੱਧਰ ਹਰੇਕ ਅਧਿਕਾਰੀ ਲਈ ਪੀਲੀ ਅਤੇ ਲਾਲ ਮੁਲਾਂਕਣ ਰੇਟਿੰਗਾਂ ’ਤੇ ਮਹੱਤਵਪੂਰਨ ਤੌਰ ’ਤੇ ਪ੍ਰਭਾਵ ਪਾਵੇਗਾ।
ਸਾਰੇ ਐਸ.ਡੀ.ਐਮਜ਼ ਨੂੰ ਨਵੇਂ ਸੇਵਾ ਕੇਂਦਰਾਂ ਦੀ ਸਥਾਪਨਾ ਲਈ ਸੰਭਾਵੀ ਸਥਾਨਾਂ ਦੀ ਖੋਜ ਕਰਨ ਦਾ ਕੰਮ ਸੌਂਪਦੇ ਹੋਏ, ਐਸ ਡੀ ਐਮ ਖਰੜ ਨੂੰ ਮਾਜਰੀ ਸਬ ਤਹਿਸੀਲ ਦੇ ਮੁੱਲਾਂਪੁਰ ਖੇਤਰ ਵਿੱਚ ਇੱਕ ਸੇਵਾ ਕੇਂਦਰ ਖੋਲ੍ਹਣ ਦੀ ਸੰਭਾਵਨਾ ਦਾ ਪਤਾ ਲਗਾਉਣ, ਜਦੋਂ ਕਿ ਐਸ ਡੀ ਐਮ ਡੇਰਾਬੱਸੀ ਨੂੰ ਜ਼ੀਰਕਪੁਰ ਸ਼ਹਿਰੀ ਖੇਤਰ ਵਿੱਚ ਇੱਕ ਸੇਵਾ ਕੇਂਦਰ ਖੋਲ੍ਹਣ ਦੀ ਸੰਭਾਵਨਾ ਦਾ ਪਤਾ ਲਗਾਉਣ ਲਈ ਕਿਹਾ ਗਿਆ।
ਡੀ ਸੀ ਆਸ਼ਿਕਾ ਜੈਨ ਨੇ ਐਸ ਡੀ ਐਮਜ਼ ਨੂੰ ਅਗਲੀ ਮੀਟਿੰਗ ਤੋਂ ਪਹਿਲਾਂ ਲਾਭਪਾਤਰੀਆਂ ਨੂੰ ਵੰਡੇ ਗਏ ਪਿਛਲੇ ਫਸਲਾਂ ਦੇ ਮੁਆਵਜ਼ੇ ਦੇ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਾਉਣ ਲਈ ਕਿਹਾ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਨੇ ਸਰਕਲ ਮਾਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਪਟਵਾਰੀਆਂ ਦੀ ਹਫ਼ਤਾਵਾਰੀ ਫ਼ੀਲਡ ਦੌਰੇ ਦੀ ਤਜ਼ਵੀਜ਼ ਤਿਆਰ ਕਰਨ ਤਾਂ ਜੋ ਪਿੰਡਾਂ ’ਚ ਇੰਤਕਾਲ ਵਾਸਤੇ ਦੌਰਾ ਕਰਨ ਦੇ ਨਾਲ-ਨਾਲ, ਮੌਕੇ ’ਤੇ ਜੇਕਰ ਕੋਈ ਜਨਤਕ ਸ਼ਿਕਾਇਤ ਪ੍ਰਾਪਪ ਹੁੰਦੀ ਹੈ ਤਾਂ ਉਸ ਨੂੰ ਹੱਲ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਉਹ ਖੁਦ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਸਰਕਾਰੀ ਦਫ਼ਤਰਾਂ ਦੇ ਕੰਮਕਾਜ ਦੀ ਜਾਂਚ ਕਰਨ ਲਈ ਅਚਨਚੇਤ ਫ਼ੀਲਡ ਦੌਰੇ ਕਰਨਗੇ ਅਤੇ ਲੋਕਾਂ ਨਾਲ ਸਿੱਧਾ ਰਾਬਤਾ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣਨਗੇ ਅਤੇ ਮੌਕੇ ’ਤੇ ਹੀ ਹੱਲ ਕਰਨਗੇ।
ਮੀਟਿੰਗ ਵਿੱਚ ਏ ਡੀ ਸੀ (ਜੀ) ਪਰਮਦੀਪ ਸਿੰਘ, ਐਸ ਡੀ ਐਮਜ਼ ਰਵਿੰਦਰ ਸਿੰਘ ਖਰੜ, ਹਿਮਾਂਸ਼ੂ ਗੁਪਤਾ ਡੇਰਾਬੱਸੀ, ਸਰਬਜੀਤ ਕੌਰ ਮੁਹਾਲੀ, ਜ਼ਿਲ੍ਹਾ ਮਾਲ ਅਫਸਰ ਮੇਜਰ ਗੁਰਜਿੰਦਰ ਸਿੰਘ ਬੈਨੀਪਾਲ ਅਤੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਵੀ ਹਾਜ਼ਰ ਸਨ।
ਫ਼ੋਟੋ ਕੈਪਸ਼ਨ:
ਡੀ ਸੀ ਆਸ਼ਿਕਾ ਜੈਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿਖੇ ਬੁੱਧਵਾਰ ਨੂੰ ਮਾਲ ਅਧਿਕਾਰੀਆਂ ਦੀ ਮਾਸਿਕ ਪ੍ਰਗਤੀ ਦੀ ਸਮੀਖਿਆ ਲਈ ਮੀਟਿੰਗ ਕਰਦੇ ਹੋਏ।
No comments:
Post a Comment