ਐਸ.ਏ.ਐਸ.ਨਗਰ, 22 ਸਤੰਬਰ : ਪੰਜਾਬ 'ਚ ਵਕਫ ਬੋਰਡ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਮੁਸਲਿਮ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ 'ਤੇ ਹੱਲ ਕਰਨ ਲਈ ਕੰਮ ਕਰ ਰਿਹਾ ਹੈ। ਪਹਿਲੀ ਵਾਰ ਪੰਜਾਬ ਵਕਫ਼ ਬੋਰਡ ਨੇ ਆਪਣੇ ਫੰਡਾਂ ਵਿੱਚੋਂ ਮੁਸਲਿਮ ਭਾਈਚਾਰੇ ਨੂੰ ਕਬਰਸਤਾਨ ਦੀ ਜਗ੍ਹਾ ਮੁਹੱਈਆ ਕਰਵਾਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਲ ਰਾਜਪੁਰਾ ਅਤੇ ਮੋਹਾਲੀ ਦੇ ਅਸਟੇਟ ਅਫਸਰ ਅਮਿਤ ਵਾਲੀਆ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਮੋਹਾਲੀ ਦੀ ਤਹਿਸੀਲ ਖਰੜ ਦੇ ਪਿੰਡ ਬਜਹੇੜੀ ਵਿੱਚ ਨੈਸ਼ਨਲ ਹਾਈਵੇਅ 205 ਏ ਦੇ ਤਹਿਤ ਪੰਜਾਬ ਵਕਫ ਬੋਰਡ ਦੀ ਕਬਰਿਸਤਾਨ ਦੀ ਜਗ੍ਹਾ ਐਕਵਾਇਰ ਕੀਤੀ ਗਈ ਸੀ, ਜਿਸ ਕਾਰਨ ਪਿੰਡ ਦੇ ਮੁਸਲਿਮ ਭਾਈਚਾਰੇ ਲਈ ਕਬਰਿਸਤਾਨ ਦੀ ਕੋਈ ਥਾਂ ਨਹੀਂ ਬਚੀ ਸੀ। ਹਾਲ ਹੀ ਵਿੱਚ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਜਲੰਧਰ ਵਿੱਚ ਵਕਫ਼ ਬੋਰਡ ਦੇ ਪ੍ਰਸ਼ਾਸਕ ਐਮ.ਐਫ ਫਾਰੂਕੀ ਆਈ.ਪੀ.ਐਸ., ਏ.ਡੀ.ਜੀ.ਪੀ. ਨੂੰ ਮਿਲ ਕੇ ਆਪਣੀ ਇਸ ਵੱਡੀ ਸਮੱਸਿਆ ਬਾਰੇ ਦੱਸਿਆ, ਜਿਸ 'ਤੇ ਏ.ਡੀ.ਜੀ.ਪੀ ਐਮ.ਐਫ.ਫਾਰੂਕੀ ਨੇ ਤੁਰੰਤ ਹਦਾਇਤਾਂ ਦਿੰਦਿਆਂ ਕਿਹਾ ਕਿ ਪੰਜਾਬ ਵਕਫ਼ ਬੋਰਡ ਆਪਣੇ ਫੰਡਾਂ 'ਚੋਂ ਪਿੰਡ ਵਾਸੀਆਂ ਨੂੰ ਕਬਰਿਸਤਾਨ ਦੀ ਜਗ੍ਹਾ ਮੁਹੱਈਆ ਕਰਵਾਏਗਾ।
ਇਸ ਦੇ ਲਈ ਪਿੰਡ ਵਿੱਚ ਹੀ ਜਗ੍ਹਾ ਦੀ ਭਾਲ ਕਰਨ ਤੋਂ ਬਾਅਦ ਮੁਸਲਿਮ ਭਾਈਚਾਰੇ ਨਾਲ ਤਾਲਮੇਲ ਬਣਾ ਕੇ, ਉਨ੍ਹਾਂ ਨੂੰ ਜਗ੍ਹਾ ਦਿਖਾਈ ਗਈ ਅਤੇ ਉਨ੍ਹਾਂ ਦੀ ਸਹਿਮਤੀ ਤੋਂ ਬਾਅਦ ਇੱਕ ਕਨਾਲ ਪੰਜ ਮਰਲੇ ਰਕਬੇ ਚ ਕਬਰਿਸਤਾਨ ਬਣਾਇਆ ਗਿਆ। ਇਸ ਜਗ੍ਹਾ ਲਈ ਪੰਜਾਬ ਵਕਫ਼ ਬੋਰਡ ਵੱਲੋਂ 18 ਲੱਖ 81 ਹਜ਼ਾਰ 737 ਰੁਪਏ ਖਰਚ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਹੁਣ ਕਬਰਿਸਤਾਨ ਮਿਲ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਵੱਡੀ ਸਮੱਸਿਆ ਹੱਲ ਹੋ ਗਈ ਹੈ। ਸਥਾਨਕ ਮੁਸਲਿਮ ਭਾਈਚਾਰੇ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਬੋਰਡ ਪਹਿਲੀ ਵਾਰ ਜ਼ਮੀਨੀ ਪੱਧਰ 'ਤੇ ਉਨ੍ਹਾਂ ਦੇ ਸਮੁਦਾਇ ਨਾਲ ਸਬੰਧਤ ਮੁਸ਼ਕਿਲਾਂ ਦਾ ਹੱਲ ਕੱਢ ਰਿਹਾ ਹੈ।ਮੁਸਲਿਮ ਸਮੁਦਾਇ ਦੇ ਲੋਕਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ, ਵਕਫ਼ ਬੋਰਡ ਦੀ ਜ਼ਿੰਮੇਵਾਰੀ ਇੱਕ ਇਮਾਨਦਾਰ ਆਈ ਪੀ ਐਸ ਅਧਿਕਾਰੀ ਨੂੰ ਦੇਣ ਲਈ ਵਧਾਈ ਦੇ ਹੱਕਦਾਰ ਹਨ, ਜੋ ਮੁਸਲਿਮ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦੇ ਨਾਲ ਹੀ ਲੋਕਾਂ ਨੇ ਏ ਡੀ ਜੀ ਪੀ ਐਮ ਐਫ ਫਾਰੂਕੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਤੁਰੰਤ ਧਿਆਨ ਦਿੱਤਾ।
No comments:
Post a Comment