ਐਸ.ਏ.ਐਸ.ਨਗਰ, 22 ਸਤੰਬਰ : ਐਮ ਐਲ ਏ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਇੱਥੇ ਕਿਰਸਾਣੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਾਦੀ ਰਹਿਣੀ-ਬਹਿਣੀ ਤੇ ਹੱਥੀਂ ਖੇਤੀ ਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਬੇਲੋੜੇ ਖਰਚਿਆਂ ਤੋਂ ਪਰਹੇਜ਼ ਕਰਕੇ ਹੀ ਅਸੀਂ ਖੇਤੀਬਾੜੀ ਨੂੰ ਮੁਨਾਫ਼ੇ ਵਾਲੀ ਬਣਾ ਸਕਦੇ ਹਾਂ।
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਐੱਸ.ਏ.ਐੱਸ.ਨਗਰ ਵੱਲੋਂ ਸਾਲ 2023 ਦੌਰਾਨ ਹਾੜ੍ਹੀ ਦੀਆਂ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਅਤੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਆਤਮਾ ਸਕੀਮ ਅਧੀਨ ਕਿਸਾਨ ਵਿਕਾਸ ਚੈਂਬਰ ਵਿਖੇ ਲਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਚ ਸ਼ਾਮਿਲ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰਵਾਇਤੀ ਖੇਤੀ ਦੇ ਨਾਲ ਨਾਲ ਸਬਜ਼ੀਆਂ ਦੀ ਵਪਾਰਕ ਪੱਧਰ ਤੇ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਵਿੱਚ ਕਿਸਾਨਾਂ ਦੀ ਭਲਾਈ ਲਈ ਯਤਨਸ਼ੀਲ ਹੈ।
ਉਨ੍ਹਾਂ ਕਿਸਾਨ ਮੇਲੇ ਵਿੱਚ ਹਾਜ਼ਰ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਨੂੰ ਮਿਆਰੀ ਫ਼ਸਲੀ ਬੀਜ, ਨਦੀਨ ਨਾਸ਼ਕ ਤੇ ਕਿ ਨਾਸ਼ਕ ਦਵਾਈਆਂ ਅਤੇ ਖਾਦਾਂ ਮੁੱਹਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਕਿਸਾਨ ਦੇ ਪੁੱਤ ਹੋਣ ਕਾਰਨ ਅਤੇ ਹੱਥੀਂ ਖੇਤੀ ਕਰਦੇ ਰਹੇ ਹੋਣ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਤੋਂ ਭਲੀ ਭਾਂਤ ਜਾਣੂੰ ਹਨ। ਉਨ੍ਹਾਂ ਨੇ ਕੈਂਪ ਦੌਰਾਨ ਕਿਸਾਨਾਂ ਵੱਲੋਂ ਪਰਾਲੀ ਸੰਭਾਲ ਮਸ਼ੀਨਰੀ ਸਬੰਧੀ ਦੱਸੀਆਂ ਗਈਆਂ ਦਿੱਕਤਾਂ ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਦੇ ਪੱਧਰ ਤੇ ਉਠਾਉਣ ਦਾ ਭਰੋਸਾ ਦਿੱਤਾ।
ਐਮ.ਐਲ.ਏ ਕੁਲਜੀਤ ਸਿੰਘ ਰੰਧਾਵਾ ਨੇ ਕੈਂਪ ਵਿੱਚ ਸਟੇਜ ਤੇ ਬੈਠਣ ਦੀ ਥਾਂ ਕਿਸਾਨਾਂ ਚ ਹੀ ਬੈਠਣ ਦੀ ਨਵੀਂ ਰਵਾਇਤ ਕਾਇਮ ਕੀਤੀ ਅਤੇ ਕਿਹਾ ਕਿ ਮੰਚ ਤੇ ਬੈਠਣ ਨਾਲੋਂ ਉਨ੍ਹਾਂ ਨੂੰ ਕਿਸਾਨਾਂ ਚ ਬੈਠ ਕੇ ਉਨ੍ਹਾਂ ਚ ਘੁਲ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਨੀਆਂ ਤੇ ਸਮਝਣੀਆਂ ਚੰਗੀਆਂ ਲਗਦੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਤੇ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਲਈ ਪਾਲਿਸੀ ਬਣਾਈ ਜਾ ਰਹੀ ਹੈ, ਜਿਸ ਨੂੰ ਜਲਦ ਹੀ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨੂੰ ਸਮਰਪਿਤ ਕਰਨਗੇ।
ਉਨ੍ਹਾਂ ਨੇ ਡੇਰਾਬਸੀ ਇਲਾਕੇ ਵਿੱਚ ਸਥਾਪਿਤ ਪਰਾਲੀ ਪ੍ਰਬੰਧਨ ਇਕਾਈਆਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਅਸੀਂ ਪਰਾਲੀ ਨੂੰ ਨਾ ਸਦਨਕੇ ਵਾਤਾਵਰਣ ਦੇ ਦੋਸ਼ੀ ਹੋਣ ਤੋਂ ਵੀ ਬਚ ਜਾਵਾਂਗੇ। ਉਨ੍ਹਾਂ ਨੇ ਜ਼ਿਲ੍ਹੇ ਵਿੱਚ ਮੌਜੂਦ ਪਰਾਲੀ ਪ੍ਰਬੰਧਨ ਮਸ਼ੀਨਰੀ ਦਾ ਵੀ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਹਾੜ੍ਹੀ ਅਤੇ ਸਾਉਣੀ ਦੇ ਮੇਲਿਆਂ ਦੇ ਨਾਲ ਹੁਣ ਤੀਸਰਾ ਮੇਲਾ ਕੇਵਲ ਤੇ ਕੇਵਲ ਸਬਜ਼ੀਆਂ ਲਈ ਵੀ ਲਾਉਣ ਦਾ ਸੁਝਾਅ ਦਿੱਤਾ ਤਾਂ ਜੋ ਕਿਸਾਨਾਂ ਨੂੰ ਰਵਾਇਤੀ ਖੇਤੀ ਦਾ ਬਦਲ ਦਿੱਤਾ ਜਾ ਸਕੇ।
ਕੈਂਪ ਵਿੱਚ ਭਾਗ ਲੈ ਰਹੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਖੇਤੀਬਾੜੀ ਵਿਭਾਗ ਵੱਲੋ ਸਬਸਿਡੀ ਤੇ ਦਿੱਤੀਆਂ ਜਾ ਰਹੀਆਂ ਮਸ਼ੀਨਾਂ ਲਈ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਸਾਨਾਂ ਦੀਆਂ ਵੱਖ ਵੱਖ ਮੰਗਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਸੰਯੁਕਤ ਡਾਇਰੈਕਟਰ ਖੇਤੀਬਾੜੀ (ਇਨਪੁਟਸ) ਡਾ. ਜਸਵਿੰਦਰਪਾਲ ਸਿੰਘ ਨੇ ਕੈਂਪ ਵਿੱਚ ਭਾਗ ਲੈ ਰਹੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵੱਲੋ ਕੇਂਦਰ ਸਰਕਾਰ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਹਾੜ੍ਹੀ ਸੀਜਨ ਦੌਰਾਨ ਖਾਦਾਂ ਦੀ ਕਿਸ ਤਰ੍ਹਾਂ ਦੀ ਘਾਟ ਨਾ ਆ ਸਕੇ।
ਮੁੱਖ ਖੇਤੀਬਾੜੀ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਵਾਰ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਜ਼ਿਲ੍ਹੇ ਨੂੰ ਪਰਾਲੀ ਦੇ ਧੂਏਂ ਤੋਂ ਮੁਕਤ ਬਣਾਉਣ ਦੀ ਮੁਹਿੰਮ ਜੰਗੀ ਪੱਧਰ ਤੇ ਚਲਾਈ ਜਾ ਰਹੀ ਹੈ। ਇਸ ਮੰਤਵ ਲਈ ਮੌਜੂਦਾ ਉਪਲਬਧ ਮਸ਼ੀਨਰੀ ਤੋਂ ਇਲਾਵਾ 450 ਹੋਰ ਸਬਸਿਡੀ ਆਧਾਰਿਤ ਮਸ਼ੀਨਰੀ ਮੁੱਹਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ 184 ਸਰਫੇਸ ਸੀਡਰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦਾ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਬਿਨਾਂ ਜਲਾਏ ਨਿਪਟਾਰਾ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਮੁੱਖ ਤਰਜੀਹ ਹੈ।
ਇਸ ਕੈਂਪ ਵਿੱਚ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਜਗਦੀਸ਼ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ ਮੋਹਾਲੀ ਦੇ ਡਿਪਟੀ ਡਾਇਰੈਕਟਰ ਬੀ.ਐਸ. ਖੱਦਾ, ਖੇਤੀਬਾੜੀ ਵਿਭਾਗ ਅਤੇ ਕੇ.ਵੀ.ਕੇ. ਦੇ ਮਾਹਿਰਾਂ ਵੱਲੋ ਹਾੜ੍ਹੀ ਦੀਆਂ ਫਸਲਾਂ ਅਤੇ ਪਰਾਲੀ ਦੇ ਪ੍ਰਬੰਧਨ ਸਬੰਧੀ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਭੂਮੀ ਰੱਖਿਆ, ਮੱਛੀ ਪਾਲਣ, ਪਸ਼ੂ ਪਾਲਣ , ਡੇਅਰੀ, ਖੇਤੀਬਾੜੀ, ਬਾਗਬਾਨੀ ਵਿਭਾਗ, ਐਫ.ਪੀ.ਓਜ਼. ਅਤੇ ਖੇਤੀ ਇਨਪੁਟਸ ਤਿਆਰ ਕਰਨ ਵਾਲੀਆਂ ਫਰਮਾਂ ਵੱਲੋਂ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰਨ ਲਈ ਸਟਾਲ ਵੀ ਲਗਾਏ ਗਏ। ਖੇਤੀਬਾੜੀ ਵਿਭਾਗ ਦੁਆਰਾ ਸਬਸਿਡੀ ਤੇ ਦਿੱਤੀਆਂ ਜਾ ਰਹੀਆਂ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਾਂ ਦੀ ਜ਼ਿਲ੍ਹੇ ਦੇ ਵੱਖ ਵੱਖ ਕਿਸਾਨਾਂ ਵੱਲੋ ਲਗਾਈ ਗਈ ਪ੍ਰਦਰਸ਼ਨੀ ਕੈਂਪ ਵਿੱਚ ਭਾਗ ਲੈ ਰਹੇ ਕਿਸਾਨਾਂ ਦੀ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਦਰ ਰਹੀ।
No comments:
Post a Comment