ਚੰਡੀਗੜ੍ਹ, 25 ਸਤੰਬਰ : ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਨੇਤਾਵਾਂ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ 'ਤੇ ਤਿੱਖੇ ਹਮਲੇ ਕੀਤੇ ਹਨ।
ਚੰਡੀਗੜ੍ਹ ਸਥਿਤ ਪਾਰਟੀ ਦਫਤਰ ਤੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮਨਪ੍ਰੀਤ ਬਾਦਲ ਖਿਲਾਫ ਇਹ ਕੇਸ ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਜੋ ਭਾਜਪਾ ਆਗੂ ਹਨ, ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਸਿਆਸੀ ਪ੍ਰਭਾਵ ਦੀ ਵਰਤੋਂ ਕਰਦਿਆਂ ਮਾਡਲ ਟਾਊਨ ਫੇਜ਼-1 ਬਠਿੰਡਾ ਵਿੱਚ 1560 ਵਰਗ ਗਜ਼ ਦੇ ਦੋ ਪਲਾਟ ਖਰੀਦ ਕੇ ਸਰਕਾਰੀ ਖਜ਼ਾਨੇ ਨੂੰ 65 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ।
ਕੰਗ ਨੇ ਕਿਹਾ ਕਿ 9 ਸਾਲ ਪੰਜਾਬ ਦੇ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਦੇ ਕਾਰਜਕਾਲ ਦੌਰਾਨ ਪੰਜਾਬ ਦਾ ਖਜ਼ਾਨਾ ਹਮੇਸ਼ਾ 'ਖਾਲੀ' ਰਿਹਾ ਹੈ ਕਿਉਂਕਿ ਉਹ ਹਮੇਸ਼ਾ ਜਨਤਾ ਦੇ ਪੈਸੇ ਲੁੱਟ ਕੇ ਆਪਣਾ ਨਿੱਜੀ ਖਜ਼ਾਨਾ ਭਰਨ 'ਚ ਰੁੱਝੇ ਰਹਿੰਦੇ ਸੀ। ਕੰਗ ਨੇ ਕਿਹਾ ਕਿ ਪੰਜਾਬ 'ਤੇ ਪੀੜ੍ਹੀ ਦਰ ਪੀੜ੍ਹੀ ਰਾਜ ਕਰਨ ਵਾਲੇ ਬਾਦਲ ਅਤੇ ਜਾਖੜ ਵਰਗੇ ਲੋਕ ਹਮੇਸ਼ਾ ਇੱਕ ਸਨ ਪਰ ਹੁਣ ਉਹ ਖੁੱਲ੍ਹੇਆਮ ਇਕੱਠੇ ਅਤੇ ਇੱਕੋ ਪਾਰਟੀ ਵਿੱਚ ਹਨ।
ਕੰਗ ਨੇ ਜਾਖੜ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਇਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ, ਕੀ ਹੁਣ ਸੁਨੀਲ ਜਾਖੜ ਮਨਪ੍ਰੀਤ ਬਾਦਲ ਨੂੰ ਭਾਜਪਾ 'ਚੋਂ ਕੱਢ ਦੇਣਗੇ?ਉਨ੍ਹਾਂ ਕਿਹਾ ਕਿ ਮਾਨ ਸਰਕਾਰ ਲਈ ਸਾਰੇ ਭ੍ਰਿਸ਼ਟ ਲੋਕ ਇਕ ਬਰਾਬਰ ਹਨ।
ਕੰਗ ਨੇ ਅੱਗੇ ਕਿਹਾ ਕਿ ਸੁਨੀਲ ਜਾਖੜ ਦੀ ਭਾਜਪਾ ਸਰਕਾਰ ਅਤੇ 'ਆਪ' ਸਰਕਾਰ ਦੀ ਤੁਲਨਾ ਹਾਸੋਹੀਣੀ ਹੈ। ਜੇਕਰ ਸੁਨੀਲ ਜਾਖੜ ਅਸਲ ਮੁੱਦਿਆਂ 'ਤੇ ਬਹਿਸ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਿੱਖਿਆ, ਸਿਹਤ, ਸ਼ਹੀਦਾਂ ਦੇ ਪਰਿਵਾਰਾਂ ਨੂੰ ਐਕਸ-ਗ੍ਰੇਸ਼ੀਆ, ਨੌਕਰੀਆਂ, ਰੁਜ਼ਗਾਰ ਪੈਦਾ ਕਰਨ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਦੇ ਮੁੱਦਿਆਂ 'ਤੇ ਬਹਿਸ ਕਰਨੀ ਚਾਹੀਦੀ ਹੈ। ਕੰਗ ਨੇ ਦਾਅਵਾ ਕੀਤਾ ਕਿ ਭਾਜਪਾ ਸ਼ਾਸਤ ਰਾਜਾਂ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ, ਉਨ੍ਹਾਂ ਰਾਜਾਂ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ, ਅਲਪਸੰਖਿਅਕ ਸੁਰੱਖਿਅਤ ਨਹੀਂ ਹਨ। ਭਾਜਪਾ ਨਫ਼ਰਤ ਦੀ ਰਾਜਨੀਤੀ ਕਰਦੀ ਹੈ ਜਿਸ ਨੂੰ ਪੰਜਾਬ ਵਿੱਚ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਪੰਜਾਬ ਦੇ ਲੋਕ ਭਾਜਪਾ ਆਗੂਆਂ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ।
ਕੰਗ ਨੇ ਜਾਖੜ ਨੂੰ ਯਾਦ ਕਰਵਾਇਆ ਕਿ ਵਿਜੇ ਮਾਲਿਆ ਅਤੇ ਨੀਰਵ ਮੋਦੀ ਵਰਗੇ ਲੋਕ ਸਾਡੇ ਦੇਸ਼ ਦਾ ਪੈਸਾ ਲੁੱਟ ਕੇ ਭਾਜਪਾ ਦੇ ਪਹਿਰੇ 'ਤੇ ਭੱਜ ਗਏ। ਭਾਜਪਾ ਸਰਕਾਰ ਨੇ ਸਰਮਾਏਦਾਰਾਂ ਦਾ 13,000 ਕਰੋੜ ਦਾ ਕਰਜ਼ਾ ਤਾਂ ਮੁਆਫ਼ ਕੀਤਾ ਪਰ ਕਿਸਾਨਾਂ ਅਤੇ ਆਮ ਲੋਕਾਂ ਨਾਲ ਕੀਤੇ ਵਾਅਦੇ ਕਦੇ ਵੀ ਪੂਰੇ ਨਹੀਂ ਕੀਤੇ। ਕਿਸਾਨ ਅੰਦੋਲਨ ਦੌਰਾਨ 750 ਕਿਸਾਨਾਂ ਦੀ ਮੌਤ ਹੋ ਗਈ ਜਦੋਂ ਕਿ ਮੋਦੀ ਸਰਕਾਰ ਦੇਸ਼ ਨੂੰ ਆਪਣੇ ਸਰਮਾਏਦਾਰ ਦੋਸਤਾਂ ਕੋਲ ਵੇਚ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜੀਐਸਟੀ, ਨੈਸ਼ਨਲ ਹੈਲਥ ਮਿਸ਼ਨ ਫੰਡ ਅਤੇ ਪੇਂਡੂ ਵਿਕਾਸ ਫੰਡਾਂ ਦਾ ਪੰਜਾਬ ਦਾ ਪੈਸਾ ਜਾਰੀ ਨਹੀਂ ਕਰ ਰਹੀ, ਜੇਕਰ ਸੁਨੀਲ ਜਾਖੜ ਨੂੰ ਸੂਬੇ ਦੀ ਕੋਈ ਚਿੰਤਾ ਹੈ ਤਾਂ ਉਹ ਕੇਂਦਰ ਸਰਕਾਰ ਨੂੰ ਇਹ ਫੰਡ ਜਾਰੀ ਕਰਨ ਲਈ ਕਹਿਣ। ਕੰਗ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ 'ਚ ਇਸ਼ਤਿਹਾਰਾਂ 'ਤੇ ਜਨਤਾ ਦੇ 8000 ਕਰੋੜ ਰੁਪਏ ਖਰਚ ਕੀਤੇ ਹਨ ਜਦਕਿ ਪੰਜਾਬ ਦੀ ਮਾਨ ਸਰਕਾਰ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਜਨਤਾ ਦਾ ਪੈਸਾ ਖਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਾਖੜ ਨੂੰ ਕੇਂਦਰ ਦੀ ਭਾਜਪਾ ਸਰਕਾਰ ਕੋਲ ਇਹ ਮੁੱਦਾ ਉਠਾਉਣਾ ਚਾਹੀਦਾ ਹੈ ਕਿ ਹੜ੍ਹਾਂ ਤੋਂ ਬਾਅਦ ਵੀ ਪੰਜਾਬ ਨੂੰ ਕੋਈ ਛੋਟ ਕਿਉਂ ਨਹੀਂ ਦਿੱਤੀ ਗਈ, ਫਸਲਾਂ ਦੇ ਨੁਕਸਾਨ ਨੂੰ ਪੂਰਾ ਕਰਨ ਲਈ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਗਿਆ।
No comments:
Post a Comment