ਐਸ.ਏ.ਐਸ.ਨਗਰ, 25 ਮਈ : ਵੋਟਰਾਂ ਨੂੰ ਲੋਕਤੰਤਰ ਦੇ ਇੱਕ ਅਹਿਮ ਅੰਗ ਵਜੋਂ ਮਹਿਸੂਸ ਕਰਵਾਉਣ ਲਈ ਮੁਹਾਲੀ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਵੋਟਰਾਂ ਨੂੰ ਮਤਦਾਨ ਕੇਂਦਰਾਂ ਤੇ ਆਉਣ ਵਾਸਤੇ ‘ਨਿੱਘਾ ਸੱਦਾ’ ਦੇਣਾ ਸ਼ੁਰੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਅਸੀਂ ਕਰੀਬ ਤਿੰਨ ਲੱਖ ਅਜਿਹੇ ਸੱਦਾ ਪੱਤਰ ਤਿਆਰ ਕੀਤੇ ਹਨ ਜੋ ਬੂਥ ਲੈਵਲ ਅਫ਼ਸਰਾਂ ਰਾਹੀਂ ਘਰ-ਘਰ ਜਾ ਕੇ ਵੋਟਰਾਂ ਤੱਕ ਪਹੁੰਚਾਏ ਜਾ ਰਹੇ ਹਨ।
ਸੱਦਾ ਪੱਤਰ ਇਸ ਤਰ੍ਹਾਂ ਹੈ; “ਪਿਆਰੇ ਸਤਿਕਾਰਯੋਗ ਵੋਟਰ, ਲੋਕਤੰਤਰ ਦੇ ਸ਼ਾਨਦਾਰ ਜਸ਼ਨ ਵਿੱਚ ਸਾਡੇ ਨਾਲ ਸ਼ਾਮਲ ਹੋਵੋ, ਜਦੋਂ ਪੰਜਾਬ 1 ਜੂਨ, 2024 ਨੂੰ ਲੋਕ ਸਭਾ ਚੋਣਾਂ-2024 ਲਈ ਵੋਟ ਕਰੇਗਾ। ਭਾਰਤ ਵਿੱਚ ਚੋਣਾਂ ਨੂੰ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ ਅਤੇ ਹਰੇਕ ਵੋਟਰ ਦੀ ਉਤਸ਼ਾਹਿਤ ਭਾਗੀਦਾਰੀ ਨਾਲ ਹੀ ਤਿਉਹਾਰ ਦਾ ਮਾਹੌਲ ਸੰਭਵ ਹੁੰਦਾ ਹੈ। ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਰਾਂ ਦਾ ਸੁਆਗਤ ਕਰਨ ਅਤੇ ਵੋਟਿੰਗ ਪ੍ਰਕਿਰਿਆ ਦੌਰਾਨ ਉਨ੍ਹਾਂ ਨੂੰ ਸਭ ਤੋਂ ਵਧੀਆ ਸੰਭਵ ਅਨੁਭਵ ਦੇਣ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਹਨ।
ਇਹ ਸੱਦਾ ਪੱਤਰ ਡਿਪਟੀ ਕਮਿਸ਼ਨਰ ਦੀ ਤਰਫੋਂ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਇੱਕ ਕਿਊ ਆਰ ਕੋਡ ਵੀ ਹੈ, ਜਿਸ ਨੂੰ ਮੋਬਾਈਲ ਨਾਲ ਆਸਾਨੀ ਨਾਲ ਸਕੈਨ ਕੀਤਾ ਜਾ ਸਕਦਾ ਹੈ ਅਤੇ ਕੋਈ ਵੀ ਵਿਅਕਤੀ ਇਸ ਕੋਡ ਰਾਹੀਂ ਆਪਣੇ ਬੂਥ ਦੀ ਸਥਿਤੀ ਬਾਰੇ ਚੰਗੀ ਤਰ੍ਹਾਂ ਜਾਣ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟਰਾਂ ਨੂੰ ਸੱਦਾ ਦੇਣ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਲੋਕਤੰਤਰ ਵਿੱਚ ਹਰੇਕ ਵੋਟਰ ਮਹੱਤਵਪੂਰਨ ਅਤੇ ਬਰਾਬਰ ਹੈ ਅਤੇ ਉਸ ਦੀ ਵੋਟ ਦੀ ਵਿਸ਼ੇਸ਼ ਮਹੱਤਤਾ ਹੈ। ਜ਼ਿਲ੍ਹੇ ਵਿੱਚ ਕੁੱਲ 810719 ਵੋਟਰ ਹਨ।
No comments:
Post a Comment