ਬੈਂਕਾਂ ਨੂੰ ਹਰੇਕ ਬੈਂਕ ਦੀ ਸ਼ਾਖਾ ਨੂੰ ਗ੍ਰੀਨ ਬੈਂਕ ਬਣਾਉਣ ਲਈ ਕਿਹਾ
ਐਸ.ਏ.ਐਸ.ਨਗਰ, 20 ਮਈ : ਚੋਣ ਕਮਿਸ਼ਨ ਵੱਲੋਂ ਜਾਰੀ “ਗਰੀਨ ਇਲੈਕਸ਼ਨਜ਼” ਦੀਆਂ ਹਦਾਇਤਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਸ੍ਰੀ ਆਨੰਦਪੁਰ ਸਾਹਿਬ ਸੰਸਦੀ ਹਲਕੇ ਦੇ ਜਨਰਲ ਅਬਜ਼ਰਵਰ ਡਾ: ਹੀਰਾ ਲਾਲ ਨੇ ਆਨੰਦਪੁਰ ਸਾਹਿਬ ਨੂੰ ਦੇਸ਼ ਦੇ ਬਾਕੀ ਹਿੱਸਿਆਂ ਲਈ ਮਾਡਲ ਬਣਾਉਣ ਲਈ ਇਸ ਸਬੰਧੀ ਸ਼ੁਰੂ ਕੀਤੀ ਮੁਹਿੰਮ ਵਿੱਚ ਵੱਧ ਤੋਂ ਵੱਧ ਵੋਟਰਾਂ ਨੂੰ ਸ਼ਾਮਲ ਕਰਨ ਲਈ ਸਬ ਡਵੀਜ਼ਨ ਪੱਧਰ ’ਤੇ ਗਰੀਨ ਕਲੱਬਾਂ ਦੇ ਗਠਨ ’ਤੇ ਜ਼ੋਰ ਦਿੱਤਾ।
ਅੱਜ “ਗਰੀਨ ਇਲੈਕਸ਼ਨ” ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕਰਦੇ ਹੋਏ ਡਾ. ਲਾਲ ਨੇ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਾਨੂੰ ਮਿਸ਼ਨਰੀ ਭਾਵਨਾ ਨਾਲ ਕੰਮ ਕਰਨ ਦੀ ਲੋੜ ਹੈ। ਵਾਤਾਵਰਣ ਦੀ ਸੁਰੱਖਿਆ ਲਈ ਸਰਗਰਮ ਸਮਾਜਿਕ ਅਤੇ ਗੈਰ-ਸਰਕਾਰੀ ਸੰਗਠਨਾਂ ਦੀ ਮਦਦ ਨਾਲ ਜ਼ਮੀਨੀ ਪੱਧਰ 'ਤੇ ਮੁਹਿੰਮ ਤਹਿਤ ਹੋਣ ਵਾਲੀਆਂ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਹਿੱਸੇ ਵਜੋਂ ਬੈਂਕਾਂ ਨੂੰ ਗ੍ਰੀਨ ਬੈਂਕਾਂ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਵੋਟਰਾਂ ਨੂੰ ਮੁਹਿੰਮ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕਰਨ ਲਈ ਬ੍ਰਾਂਡ ਅੰਬੈਸਡਰ ਨਿਯੁਕਤ ਕੀਤੇ ਜਾਣ। ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਸਟਾਫ ਨੂੰ ਸੰਵੇਦਨਸ਼ੀਲ ਬਣਾ ਕੇ ਸਾਡੀ ਸੋਚ ਹਰੀ ਭਰੀ ਵੋਟ ਨੂੰ ਉਤਸ਼ਾਹਤ ਕਰਨ ਦੀ ਅਪੀਲ ਕੀਤੀ ਜਾਣੀ ਚਾਹੀਦੀ ਹੈ।
ਡਾ. ਲਾਲ ਨੇ ਅੱਗੇ ਕਿਹਾ ਕਿ ਹਰ ਇੱਕ ਇਕੱਠ ਵਿੱਚ ਭਾਵੇਂ ਸਮਾਜਿਕ ਹੋਵੇ ਜਾਂ ਰਾਜਨੀਤਿਕ ਗ੍ਰੀਨ ਇਲੈਕਸ਼ਨ ਨੂੰ ਪ੍ਰਫੁੱਲਤ ਕਰਨ ਦਾ ਪ੍ਰਣ ਲਿਆ ਜਾਵੇ ਅਤੇ ਧਰਤੀ 'ਤੇ ਕਾਰਬਨ ਦੀ ਮਾਤਰਾ ਵਧਾਉਣ ਵਾਲੇ ਪਲਾਸਟਿਕ ਅਤੇ ਹੋਰ ਸਮਾਨ ਦੀ ਵਰਤੋਂ ਨਾ ਕਰਨ ਦੀ ਸਹੁੰ ਚੁੱਕੀ ਜਾਵੇ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਇੱਕ ਪੱਤਰ ਦੇ ਰੂਪ ਵਿੱਚ ਇੱਕ ਸੰਦੇਸ਼ ਵੀ ਸਾਰੇ ਵੋਟਰਾਂ ਨੂੰ ਭੇਜਿਆ ਜਾਵੇ ਤਾਂ ਜੋ ਇਸ ਨੂੰ ਇੱਕ ਜਨ-ਮੁਹਿੰਮ ਬਣਾਉਣ ਅਤੇ ਸੰਪੂਰਨ ਮੁਹਿੰਮ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ।
ਗ੍ਰੀਨ ਇਲੈਕਸ਼ਨ ਦੇ ਸੰਦੇਸ਼ ਨੂੰ ਸਮਾਜ ਵਿੱਚ ਫੈਲਾਉਣ ਵਿੱਚ ਸਿੱਖਿਆ ਸੰਸਥਾਵਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਦੱਸਦਿਆਂ ਉਨ੍ਹਾਂ ਗ੍ਰੀਨ ਇਲੈਕਸ਼ਨ ਦੇ ਸੰਕਲਪ ਬਾਰੇ ਜਾਗਰੂਕ ਕਰਕੇ ਉਨ੍ਹਾਂ ਤੱਕ ਪਹੁੰਚ ਕਰਨ 'ਤੇ ਜ਼ੋਰ ਦਿੱਤਾ ਤਾਂ ਜੋ ਉਹ ਇਸ ਮੁਹਿੰਮ ਨੂੰ ਹੋਰ ਅੱਗੇ ਵਧਾ ਸਕਣ।
ਉਨ੍ਹਾਂ ਕਿਹਾ ਕਿ ਨਗਰ ਨਿਗਮਾਂ ਨਾਲ ਸਬੰਧਤ ਪਾਰਕਾਂ ਨੂੰ ਵੀ ਸਾਫ਼ ਸੁਥਰਾ ਰੱਖਿਆ ਜਾਵੇ ਅਤੇ ਦਿਨੋਂ-ਦਿਨ ਘਟ ਰਹੀ ਹਰਿਆਵਲ ਦੀ ਭਰਪਾਈ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਦੇ ਨਾਲ-ਨਾਲ ਹਰਿਆਵਲ ਚੋਣ ਦਾ ਸੁਨੇਹਾ ਦੇਣ ਵਾਲੀਆਂ ਕੈਪਾਂ ਅਤੇ ਹੋਰ ਸਮੱਗਰੀ ਵੀ ਵੋਟਰਾਂ ਨੂੰ ਵੰਡੀ ਜਾਵੇ ਤਾਂ ਜੋ ਵੋਟਰਾਂ ਨੂੰ ਇਸ ਮੁਹਿੰਮ ਵਿੱਚ ਭਾਗੀਦਾਰ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਜਨਰਲ ਅਬਜ਼ਰਵਰ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੇ ਹਿੱਸੇਦਾਰਾਂ ਨਾਲ ਸੰਪਰਕ ਕਰਕੇ ਹਰਿਆਲੀ ਚੋਣ ਮੁਹਿੰਮ ਬਾਰੇ ਵਿਆਪਕ ਪੱਧਰ 'ਤੇ ਜਾਗਰੂਕਤਾ ਸ਼ੁਰੂ ਕੀਤੀ ਜਾਵੇਗੀ।
ਮੀਟਿੰਗ ਵਿੱਚ ਏਡੀਸੀ (ਜ) ਰਾਜੀਵ ਐਸ ਤਿੜਕੇ, ਏਡੀਸੀ (ਯੂ ਡੀ) ਦਮਨਜੀਤ ਸਿੰਘ ਮਾਨ, ਕਾਰਜਕਾਰੀ ਇੰਜਨੀਅਰ ਪੀਪੀਸੀਬੀ, ਨੋਡਲ ਅਫਸਰ ਸਵੀਪ ਪ੍ਰੋ: ਗੁਰਬਖਸੀਸ਼ ਸਿੰਘ ਅੰਟਾਲ, ਚੋਣ ਤਹਿਸੀਲਦਾਰ ਸੰਜੇ ਕੁਮਾਰ ਵੀ ਹਾਜ਼ਰ ਸਨ।
No comments:
Post a Comment