ਐਸ.ਏ.ਐਸ.ਨਗਰ, 09 ਜੁਲਾਈ : ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਖੇਡਾਂ ਵਿੱਚ ਅੱਵਲ ਬਨਾਉਣ ਦੇ ਮਕਸਦ ਨਾਲ ਕੀਤੇ ਜਾ ਰਹੇ ਵੱਖੋ-ਵੱਖ ਉਪਰਾਲਿਆਂ ਤਹਿਤ ਸੂਬੇ ਭਰ ਵਿੱਚ ਪਿੰਡ ਪੱਧਰ ਉੱਤੇ 01 ਹਜ਼ਾਰ ਖੇਡ ਨਰਸਰੀਆਂ ਸਥਾਪਿਤ ਕਰਨ ਦੇ ਪਹਿਲੇ ਪੜਾਅ ਤਹਿਤ 260 ਖੇਡ ਨਰਸਰੀਆਂ ’ਚ 25 ਖੇਡਾਂ ਦੀ ਸਿਖਲਾਈ ਸਬੰਧੀ 260 ਕੋਚਾਂ ਦੀ ਭਰਤੀ ਲਈ ਟਰਾਇਲ ਖੇਡ ਭਵਨ, ਸੈਕਟਰ 78, ਮੋਹਾਲੀ ਵਿਖੇ ਲਏ ਜਾ ਰਹੇ ਹਨ, ਜੋ ਕਿ 16 ਜੁਲਾਈ 2024 ਤਕ ਚੱਲਣੇ ਹਨ ਤੇ ਅੱਜ ਦੂਜੇ ਦਿਨ 112 ਉਮੀਦਵਾਰਾਂ ਦੇ ਟਰਾਇਲ ਹੋਏ ਹਨ। ਪਹਿਲੇ ਦਿਨ 80 ਉਮੀਦਵਾਰਾਂ ਨੇ ਟਰਾਇਲ ਦਿੱਤੇ ਸਨ।
ਵਿਸ਼ੇਸ਼ ਮੁੱਖ ਸਕੱਤਰ ਖੇਡਾਂ ਤੇ ਯੁਵਕ ਸੇਵਾਵਾਂ ਸਰਵਜੀਤ ਸਿੰਘ ਅਤੇ ਵਿਸ਼ੇਸ਼ ਸਕੱਤਰ ਕਮ ਡਾਇਰੈਕਟਰ, ਖੇਡ ਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ, ਸ਼੍ਰੀ ਐਸ.ਪੀ. ਅਨੰਦ ਕੁਮਾਰ, ਆਈ.ਐੱਫ.ਐੱਸ. ਨੇ ਇਹਨਾਂ ਟਰਾਇਲਾਂ ਦਾ ਜਾਇਜ਼ਾ ਲੈਣ ਉਪਰੰਤ ਦੱਸਿਆ ਕਿ ਖੇਡ ਨਰਸਰੀਆਂ ਵਿੱਚ ਕੋਚਾਂ ਦੀ ਭਰਤੀ ਲਈ ਦਿੱਤੇ ਇਸ਼ਤਿਹਾਰ ਦੇ ਆਧਾਰ ਉਤੇ ਜਿਨ੍ਹਾਂ ਨੇ ਅਪਲਾਈ ਕੀਤਾ ਸੀ, ਉਹਨਾਂ ਵਿੱਚੋਂ 965 ਉਮੀਦਵਾਰ
ਟਰਾਇਲਾਂ ਲਈ ਯੋਗ ਪਾਏ ਗਏ ਸਨ, ਜਿਨ੍ਹਾਂ ਦੇ ਟਰਾਇਲ ਲਏ ਜਾ ਰਹੇ ਹਨ।
ਖੇਡ ਨਰਸਰੀਆਂ ਪੰਜਾਬ ਸਰਕਾਰ ਦਾ ਫਲੈਗਸ਼ਿਪ ਪ੍ਰੋਗਰਾਮ ਹੈ, ਜਿਸ ਦਾ ਮਕਸਦ ਜ਼ਮੀਨੀ ਪੱਧਰ ਉੱਤੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਵਿੱਚ ਲੈ ਕੇ ਆਉਣਾ ਤੇ ਅੱਗਿਓਂ ਵੱਖ-ਵੱਖ ਖੇਡਾਂ ਲਈ ਤਿਆਰ ਕਰਨਾ ਹੈ। ਇਨ੍ਹਾਂ ਖੇਡ ਨਰਸਰੀਆਂ ਵਿੱਚ ਕੋਚਾਂ ਦੀ ਭਰਤੀ ਲਈ ਇਸ਼ਤਿਹਾਰ ਚੋਣ ਜ਼ਾਬਤੇ ਤੋਂ ਪਹਿਲਾਂ ਦਿੱਤਾ ਗਿਆ ਸੀ ਤੇ ਹੁਣ ਸੂਬਾ ਪੱਧਰੀ ਟਰਾਇਲ ਪੂਰਨ ਪਾਰਦਰਸ਼ੀ ਤਰੀਕੇ ਨਾਲ ਲਏ ਜਾ ਰਹੇ ਹਨ।
ਜਿਹੜੀਆਂ 25 ਖੇਡਾਂ ਸਬੰਧੀ ਟਰਾਇਲ ਲਏ ਜਾ ਰਹੇ ਹਨ, ਉਹਨਾਂ ਵਿੱਚ ਟੈਨਿਸ, ਤੀਰ-ਅੰਦਾਜ਼ੀ, ਕਬੱਡੀ, ਐਥਲੈਟਿਕਸ, ਖੋ-ਖੋ, ਫੁਟਬਾਲ, ਸਾਈਕਲਿੰਗ, ਵਾਲੀਬਾਲ, ਹੈਂਡਬਾਲ, ਬਾਸਕਟਬਾਲ, ਕੁਸ਼ਤੀ, ਹਾਕੀ, ਮੁੱਕੇਬਾਜ਼ੀ, ਵੇਟਲਿਫ਼ਟਿੰਗ, ਜੁਡੋ, ਬੈਡਮਿੰਟਨ, ਕ੍ਰਿਕਟ, ਰੋਇੰਗ, ਵੁਸ਼ੂ, ਤੈਰਾਕੀ, ਟੇਬਲ ਟੈਨਿਸ, ਕਿਕ ਬਾਕਸਿੰਗ, ਜਿਮਨਾਸਟਿਕਸ ਤੇ ਫੈਂਸਿੰਗ ਸ਼ਾਮਲ ਹਨ।
ਖੇਡ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਸਬੰਧੀ ਹੁਨਰ ਦੀ ਕੋਈ ਕਮੀ ਨਹੀਂ ਹੈ ਪਰ ਕਈ ਵਾਰ ਢੁੱਕਵਾਂ ਮੌਕਾ ਜਾਂ ਕੋਚ ਨਾ ਮਿਲਣ ਕਾਰਨ ਚੰਗੇ ਖਿਡਾਰੀ ਜਾਂ ਜਿਹੜੇ ਬੱਚਿਆਂ ਵਿੱਚ ਚੰਗੇ ਖਿਡਾਰੀ ਬਣਨ ਦੀ ਸਮਰੱਥਾ ਹੁੰਦੀ ਹੈ, ਉਹ ਅੱਗੇ ਆਉਣ ਤੋਂ ਵਾਂਝੇ ਰਹਿ ਜਾਂਦੇ ਹਨ, ਜਿਸ ਨਾਲ ਖਿਡਾਰੀਆਂ ਦਾ ਤਾਂ ਨੁਕਸਾਨ ਹੁੰਦਾ ਹੀ ਹੈ, ਸਗੋਂ ਸੂਬੇ ਤੇ ਦੇਸ਼ ਦਾ ਵੀ ਨੁਕਸਾਨ ਹੁੰਦਾ ਹੈ। ਪੰਜਾਬ ਸਰਕਾਰ ਵੱਲੋਂ ਖੋਲ੍ਹੀਆਂ ਜਾ ਰਹੀਆਂ ਖੇਡ ਨਰਸਰੀਆਂ ਖੇਡਾਂ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਕਦਮ ਸਾਬਤ ਹੋਣਗੀਆਂ।
ਜ਼ਿਲ੍ਹਾ ਖੇਡ ਅਫ਼ਸਰ, ਐਸ.ਏ.ਐਸ. ਨਗਰ, ਸ. ਹਰਪਿੰਦਰ ਸਿੰਘ ਨੇ ਦੱਸਿਆ ਕਿ 1600 ਮੀਟਰ ਦੌੜ ਦੇ ਟਰਾਇਲ ਵਿੱਚ ਇਲੈਕਟ੍ਰਾਨਿਕ ਟਾਈਮਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਪੂਰਨ ਪਾਰਦਰਸ਼ਤਾ ਕਾਇਮ ਰਹੇ।
ਇਸ ਮੌਕੇ ਟਰਾਇਲ ਦੇਣ ਪੁੱਜੇ ਉਮੀਦਵਾਰਾਂ ਨੇ ਦੱਸਿਆ ਕਿ ਉਹ ਖੇਡ ਨਰਸਰੀਆਂ ਲਈ ਰੱਖੇ ਜਾਣ ਵਾਲੇ ਕੋਚਾਂ ਦੀ ਭਰਤੀ ਦੇ ਸਬੰਧ ਵਿੱਚ ਟਰਾਇਲ ਦੇਣ ਪੁੱਜੇ ਹਨ ਤੇ ਟਰਾਇਲ ਬਹੁਤ ਹੀ ਇਮਾਨਦਾਰੀ ਤੇ ਪਾਰਦਰਸ਼ੀ ਤਰੀਕੇ ਨਾਲ ਲਏ ਗਏ ਹਨ। ਟਰਾਇਲ ਲੈਣ ਵਾਲੇ ਸਟਾਫ਼ ਦਾ ਵਤੀਰਾ ਬਹੁਤ ਹੀ ਵਧੀਆ ਹੈ। ਉਨ੍ਹਾਂ ਨੇ ਇਹ ਮੌਕਾ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਐੱਸ.ਡੀ.ਐਮ. ਮੋਹਾਲੀ ਸ਼੍ਰੀ ਦੀਪਾਂਕਰ ਗਰਗ, ਡਿਪਟੀ ਡਾਇਰੈਕਟਰ, ਖੇਡ ਵਿਭਾਗ, ਪੰਜਾਬ, ਪਰਮਿੰਦਰ ਸਿੰਘ, ਸਹਾਇਕ ਡਾਇਰੈਕਟਰ ਸ. ਰਣਬੀਰ ਸਿੰਘ ਭੰਗੂ ਸਮੇਤ ਖੇਡ ਵਿਭਾਗ, ਪੰਜਾਬ ਦੇ ਅਧਿਕਾਰੀ ਤੇ ਕੋਚ, ਟਰਾਇਲ ਦੇਣ ਵਾਲੇ ਉਮੀਦਵਾਰਾਂ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
No comments:
Post a Comment