ਚੰਡੀਗੜ੍ਹ / ਨਵੀਂ ਦਿੱਲੀ , 15 ਸਤੰਬਰ , : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਤਿੰਨਾਂ ਖੇਤੀ ਆਰਡੀਨੈਂਸਾਂ ਨੂੰ ਖੇਤੀਬਾੜੀ ਅਤੇ ਕਿਸਾਨਾਂ ਲਈ ਹਤਿਆਰਾ ਦੱਸਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਸੰਸਦ ਦੇ ਅੰਦਰ ਅਤੇ ਬਾਹਰ ਇਨ੍ਹਾਂ ਦਾ ਵਿਰੋਧ ਕਰੇਗੀ ਅਤੇ ਕੱਲ੍ਹ ਸੰਸਦ ਵਿੱਚ ਇਸ ਦੇ ਖ਼ਿਲਾਫ਼ ਆਪਣਾ ਵੋਟ ਕਰੇਗੀ ਅਤੇ ਪੰਜਾਬ ਵਿੱਚ ਬਾਦਲਾਂ ਦੇ ਘਰ ਤੱਕ ਟਰੈਕਟਰ ਮਾਰਚ ਰਾਹੀਂ ਰੋਸ ਪ੍ਰਦਰਸ਼ਨ ਕਰੇਗੀ ।
ਭਗਵੰਤ ਮਾਨ ਪਾਰਟੀ ਹੈੱਡਕੁਆਟਰ ਤੋਂ ਪੰਜਾਬ ਦੇ ਪ੍ਰਭਾਰੀ ਅਤੇ ਵਿਧਾਇਕ ਜਰਨੈਲ ਸਿੰਘ ਦੇ ਨਾਲ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਬਿਲ ਖੇਤੀਬਾੜੀ ਖੇਤਰ ਦੇ ਨਿੱਜੀਕਰਨ ਅਤੇ ਬਰਬਾਦੀ ਵਾਲਾ ਕਦਮ ਹੈ। ਇਸ ਨਾਲ ਐਮਐਸਪੀ ਖ਼ਤਮ ਹੋ ਜਾਵੇਗਾ, ਨਿੱਜੀ ਖਿਡਾਰੀਆਂ ਨੂੰ ਖੁੱਲ੍ਹੀ ਛੋਟ ਮਿਲ ਜਾਵੇਗੀ। ਵੱਡੇ ਪੱਧਰ ਉੱਤੇ ਅਨਾਜ ਦਾ ਭੰਡਾਰਨ ਹੋਵੇਗਾ, ਜਿਸ ਦੇ ਨਾਲ ਕਾਲਾ-ਬਾਜ਼ਾਰੀ ਅਤੇ ਮਹਿੰਗਾਈ ਵਧੇਗੀ। ਕਿਸਾਨ ਮਾਲਕ ਹੋ ਕੇ ਵੀ ਮਜ਼ਦੂਰ ਬਣ ਜਾਵੇਗਾ। ਆੜ੍ਹਤੀ, ਟਰਾਂਸਪੋਰਟਰ, ਪੱਲੇਦਾਰ, ਮਜ਼ਦੂਰ ਅਤੇ ਟਰੈਕਟਰ ਇੰਡਸਟਰੀ ਨਾਲ ਸੰਬੰਧਿਤ ਲੋਕ ਸਾਰੇ ਬੇਰੁਜ਼ਗਾਰ ਹੋ ਜਾਣਗੇ।
ਮਾਨ ਨੇ ਕਿਹਾ ਕਿ ਬਿਲ ਪੇਸ਼ ਹੁੰਦੇ ਸਮੇਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਗੈਰ ਹਾਜ਼ਰੀ ਪੰਜਾਬ ਵਿੱਚ ਕਿਸਾਨਾਂ ਨਾਲ ਗ਼ੱਦਾਰੀ ਦੇ ਰੂਪ ਦੇ ਤੌਰ ‘ਤੇ ਵੇਖੀ ਜਾ ਰਹੀ ਹੈ। ਇਸ ਗੱਲ ਦਾ ਪੂਰੇ ਪੰਜਾਬ ਵਿੱਚ ਬਹੁਤ ਵਿਰੋਧ ਹੋ ਰਿਹਾ ਹੈ। ਇਸ ਤੋਂ ਪਹਿਲਾਂ ਜਦੋਂ ਕੈਬਨਿਟ ਵਿੱਚ ਇਹ ਬਿਲ ਆਇਆ ਸੀ ਤਾਂ ਹਰਸਿਮਰਤ ਕੌਰ ਨੇ ਵਿਰੋਧ ਨਹੀਂ ਕੀਤਾ ।
ਮਾਨ ਨੇ ਕਿਹਾ ਕਿ ਦਰਅਸਲ ਬਾਦਲਾਂ ਨੇ ਇੱਕ ਕੁਰਸੀ ਲਈ ਮੋਦੀ ਕੋਲ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨੂੰ ਹੀ ਵੇਚ ਦਿੱਤਾ ਹੈ। ਜੇਕਰ ਉਨ੍ਹਾਂ ਕੋਲ ਹਿੰਮਤ ਹੈ ਤਾਂ ਉਹ ਇਸ ਬਿਲ ਦਾ ਵਿਰੋਧ ਕਰਨ।
ਭਗਵੰਤ ਮਾਨ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਸੀਂ ਹਰਸਿਮਰਤ ਕੌਰ ਦੇ ਘਰ ਦੇ ਬਾਹਰ ਟਰੈਕਟਰ ਮਾਰਚ ਕੱਢਾਂਗੇ, ਅਸੀਂ ਟਰੈਕਟਰ ਲੈ ਕੇ ਉਨ੍ਹਾਂ ਦੇ ਘਰ ਦੇ ਬਾਹਰ ਇਕੱਠੇ ਹੋਵਾਂਗੇ।
ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਅਰਪੋਰਟ ਵੇਚੇ, ਐਲਆਈਸੀ ਵੇਚੀ, ਬੈਂਕ ਵੇਚ ਦਿੱਤੇ, ਏਅਰ ਇੰਡੀਆ ਅਤੇ ਰੇਲਵੇ ਦਾ ਨਿੱਜੀਕਰਨ ਕਰ ਦਿੱਤਾ, ਹੁਣ ਕਿਸਾਨਾਂ ਤੋਂ ਖੇਤੀ ਨੂੰ ਵੀ ਖੋਹਿਆ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਇਸ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ‘ਆਪ’ ਦਾ ਸਮਰਥਨ ਹੈ ।
ਭਗਵੰਤ ਮਾਨ ਨੇ ਕਾਂਗਰਸ ਉੱਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਸੰਸਦ ਵਿੱਚ ਕੇਂਦਰੀ ਮੰਤਰੀ ਰਾਓ ਸਾਹਿਬ ਪਾਟਿਲ ਦਾਨਵੇ ਨੇ ਅਮਰਿੰਦਰ ਸਿੰਘ ਸਰਕਾਰ ਦੀ ਪੋਲ ਖੋਲ੍ਹਦੇ ਹੋਏ ਖ਼ੁਲਾਸਾ ਕੀਤਾ ਕਿ ਪੰਜਾਬ ਸਰਕਾਰ ਨੇ ਇਸ ਆਰਡੀਨੈਂਸਾਂ ਉੱਤੇ ਸਹਿਮਤੀ ਦਿੱਤੀ ਸੀ। ਪੰਜਾਬ ਦੇ ਮੁੱਖ ਮੰਤਰੀ ਇਸ ਟੀਮ ਦਾ ਹਿੱਸਾ ਸਨ ਅਤੇ ਉਨ੍ਹਾਂ ਨੇ ਇਸ ਲਈ ਸਹਿਮਤੀ ਦਿੱਤੀ ਸੀ। ਮੁੱਖ ਮੰਤਰੀ ਆਪਣਾ ਪੱਖ ਸਾਫ਼ ਕਰਨ ਅਤੇ ਦੱਸਣ ਕਿ ਉਹ ਕਿਸਾਨਾਂ ਦੇ ਨਾਲ ਹਨ ਜਾਂ ਇਸ ਬਿਲ ਦੇ ਹੱਕ ਵਿਚ ਹਨ?
ਮਾਨ ਨੇ ਕਿਹਾ ਕਿ ਅਸੀਂ ਇਸ ਦਾ ਵਿਰੋਧ ਕਰਾਂਗੇ ਅਤੇ ਮੈਂ (ਮਾਨ) ਪੰਜਾਬ ਦੇ ਸੰਸਦਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ, ਕਿ ਜਿੰਨਾ ਨੇ ਪੰਜਾਬ ਦੀ ਮਿੱਟੀ ਦਾ ਅਨਾਜ ਖਾਧਾ ਹੈ ਉਹ ਇਸ ਦੇ ਵਿਰੋਧ ਵਿੱਚ ਵੋਟ ਕਰਨ। ਕੱਲ੍ਹ ਉਨ੍ਹਾਂ ਦੀ ਵਫ਼ਾਦਾਰੀ ਦੀ ਘੜੀ ਹੈ, ਕੱਲ੍ਹ ਪਤਾ ਚੱਲੇਗਾ ਕਿ ਉਹ ਪੰਜਾਬ ਦੀ ਮਿੱਟੀ ਲਈ ਵਫ਼ਾਦਾਰ ਹਨ ਜਾਂ ਨਹੀਂ ।
ਜਰਨੈਲ ਸਿੰਘ ਨੇ ਕਿਹਾ ਕਿ ਜੈ ਜਵਾਨ ਅਤੇ ਜੈ ਕਿਸਾਨ ਦੇ ਨਾਅਰੇ ਲਗਾਉਣ ਵਾਲੇ ਦੇਸ਼ ਵਿੱਚ ਕਿਸਾਨਾਂ ਦੀ ਬਦਹਾਲੀ ਦਾ ਜੋ ਦੌਰ ਸ਼ੁਰੂ ਹੋਇਆ ਹੈ, ਉਹ ਬਹੁਤ ਹੀ ਦੁਖਦ ਅਤੇ ਨਿਰਾਸ਼ਾਜਨਕ ਹੈ। ਅਕਾਲੀ ਦਲ ਬਾਦਲ ਦੀ ਭਾਗੀਦਾਰੀ ਵਾਲੀ ਮੋਦੀ ਸਰਕਾਰ ਕਿਸਾਨਾਂ ਉੱਤੇ ਇਹ ਜ਼ੁਲਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਨੂੰ ਕਿਸਾਨਾਂ ਨੇ ਹੁਣ ਤੱਕ ਅਣਗਿਣਤ ਵਾਰ ਵੋਟ ਦਿੱਤੀ, ਪਰ ਅੱਜ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਰੂਰਤ ਪਈ, ਤਾਂ ਇਹ 4 ਸੰਸਦ ਆਪਣੇ 4 ਵੋਟ ਵੀ ਕਿਸਾਨਾਂ ਨੂੰ ਦੇਣ ਤੋਂ ਭੱਜ ਰਹੇ ਹਨ। ਉਨ੍ਹਾਂ ਨੇ ਨੇ ਕਿਹਾ ਕਿ ‘ਆਪ’ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਰਹੇਗੀ ਹੈ ਅਤੇ ਕਿਸਾਨਾਂ ਦੇ ਹੱਕ ਲਈ ਸੰਘਰਸ਼ ਕਰਦੀ ਰਹੇਗੀ ।
No comments:
Post a Comment