ਚੰਡੀਗੜ੍ਹ, 23 ਸਤੰਬਰ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ‘ਪੱਕੇ ਮੋਦੀ ਭਗਤਾਂ’ ਵਾਂਗ ਤਾਨਾਸ਼ਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰਿਆਂ ‘ਤੇ ਨੱਚਦੇ ਹਨ, ਕਿਉਂਕਿ ਵੱਡੇ ਪੱਧਰ ਦੇ ਭਿ੍ਰਸ਼ਟਾਚਾਰ, ਸ਼ਰਾਬ ਅਤੇ ਡਰੱਗ ਮਾਫ਼ੀਆ, ਈਡੀ ਅਤੇ ਇਨਕਮ ਟੈਕਸ, ਵਿਦੇਸ਼ੀ ਬੈਂਕ ਖਾਤੇ ਅਤੇ ਵਿਦੇਸ਼ੀ ਮਹਿਮਾਨਾਂ ਕਾਰਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦੀਆਂ ਅਨੇਕ ਕਮਜ਼ੋਰੀਆਂ ਕਰਕੇ ਇਨ੍ਹਾਂ ਦੋਵੇਂ ਪਰਿਵਾਰਾਂ ਦੀ ਘੰਡੀ ਮੋਦੀ ਦੇ ਹੱਥ ‘ਚ ਹੈ। ਇਹੋ ਕਾਰਨ ਹੈ ਕਿ ਨਰਿੰਦਰ ਮੋਦੀ ਸਰਕਾਰ ਅਮਰਿੰਦਰ ਸਿੰਘ ਅਤੇ ਬਾਦਲਾਂ ਨੂੰ ਪੰਜਾਬ ਵਿਰੁੱਧ ਹੀ ਹਥਿਆਰ ਵਜੋਂ ਵਰਤਦੀ ਆ ਰਹੀ ਹੈ।
ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲਾਂ ਬਾਦਲਾਂ ਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੀ ਮਹੀਨਿਆਂ ਬੱਧੀ ਜ਼ੋਰਦਾਰ ਵਕਾਲਤ ਕਰਕੇ ਕਿਸਾਨੀ ਦੀ ਪਿੱਠ ‘ਚ ਛੁਰੇ ਮਾਰੇ ਅਤੇ ਹੁਣ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਟੁੱਚੀਆਂ ਕੋਸ਼ਿਸ਼ਾਂ ‘ਚ ਜੁਟੇ ਹੋਏ ਹਨ। ਇਸ ਕਰਕੇ 25 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੇ ਬਰਾਬਰ ਬਾਦਲਾਂ ਨੇ 25 ਸਤੰਬਰ ਨੂੰ ਹੀ ‘ਚੱਕਾ ਜਾਮ’ ਦਾ ਡਰਾਮਾ ਐਲਾਨ ਦਿੱਤਾ ਹੈ। ਕਿਸਾਨੀ ਸੰਘਰਸ਼ ਦੇ ਸਮਾਨ-ਅੰਤਰ (ਬਰਾਬਰ) ਬਾਦਲਾਂ ਵੱਲੋਂ ਇਹ ਡਰਾਮਾ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਕੀਤਾ ਜਾ ਰਿਹਾ ਹੈ, ਤਾਂ ਕਿ ਕਿਸੇ ਤਰੀਕੇ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਦੀ ਲਾਮਬੰਦੀ ਨੂੰ ਤੋੜਿਆ ਜਾਵੇ। ਉਨ੍ਹਾਂ ਸਵਾਲ ਕੀਤਾ ਕੀ ਇਹ ਪਾਖੰਡ 25 ਸਤੰਬਰ ਨੂੰ ਹੀ ਜ਼ਰੂਰੀ ਹੈ ਅਤੇ ਅੱਗੇ ਪਿੱਛੇ ਕਿਉਂ ਨਹੀਂ ਹੋ ਸਕਦਾ? ਇਸ ਮੌਕੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸੂਬਾ ਖ਼ਜ਼ਾਨਚੀ ਸ੍ਰੀਮਤੀ ਨੀਨਾ ਮਿੱਤਲ, ਪਾਰਟੀ ਆਗੂ ਗੋਬਿੰਦਰ ਮਿੱਤਲ ਅਤੇ ਦਿਨੇਸ਼ ਚੱਢਾ ਮੌਜੂਦ ਸਨ।
ਹਰਪਾਲ ਸਿੰਘ ਚੀਮਾ ਨੇ ਹਰਸਿਮਰਤ ਕੌਰ ਨੂੰ ‘ਡਰਾਮਾ ਕੁਇਨ’ ਕਰਾਰ ਦਿੰਦੇ ਹੋਏ ਕਿਹਾ ਕਿ ਅਸਤੀਫ਼ੇ ਵਾਲੇ ਡਰਾਮੇ ਦੇ ਬਾਵਜੂਦ ਬਾਦਲ ਅੱਜ ਵੀ ਕੇਂਦਰ ਸਰਕਾਰ ਦਾ ਹਿੱਸਾ ਹਨ ਅਤੇ ਮੋਦੀ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ।
ਸੂਬੇ ਦੀਆਂ ਸਾਰੀਆਂ ਸਿਆਸੀ ਧਿਰਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਸਮੇਤ ਸੂਬੇ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੋਦੀ ਸਰਕਾਰ ਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨੀ ਸੰਘਰਸ਼ ਦਾ ਸਾਥ ਦੇਣ ਅਤੇ 25 ਸਤੰਬਰ ਦੇ ਬੰਦ ਨੂੰ ਕਾਮਯਾਬ ਬਣਾਉਣ। ‘ਆਪ’ ਨੇ ਨਾਲ ਹੀ 25 ਸਤੰਬਰ ਨੂੰ ਬਾਦਲਾਂ ਵੱਲੋਂ ‘ਚੱਕਾ ਜਾਮ’ ਦੇ ਐਲਾਨ ਨੂੰ ਕਿਸਾਨੀ ਸੰਘਰਸ਼ ਵਿਰੁੱਧ ਸਾਜ਼ਿਸ਼ ਦੱਸਿਆ ਹੈ ਅਤੇ ਦਲੀਲ ਦਿੱਤੀ ਕਿ 2015 ‘ਚ ਨਕਲੀ ਪੈਸਟੀਸਾਈਡ ਘੁਟਾਲੇ ਵਿਰੁੱਧ ਜਦੋਂ ਕਿਸਾਨੀ ਸੰਘਰਸ਼ ਸਿਖਰ ‘ਤੇ ਸੀ ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੋਚੀ ਸਮਝੀ ਸਾਜ਼ਿਸ਼ ਰਚੀ ਗਈ ਸੀ। ਇਸ ਲਈ ਸਾਨੂੰ ਸਭ ਨੂੰ ਬੇਹੱਦ ਸੁਚੇਤ ਰਹਿਣਾ ਪਵੇਗਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲਾਂ ਵਾਂਗ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਮੋਦੀ ਸਰਕਾਰ ਦੀ ਕਠਪੁਤਲੀ ਹੈ। ਹਾਈਪਾਵਰ ਕਮੇਟੀ ‘ਚ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਚੁੱਪ-ਚੁਪੀਤੇ ਸਹਿਮਤੀ ਦੇਣਾ ਅਤੇ ਵਿੱਤੀ ਸੁਧਾਰਾਂ ਦੇ ਨਾਂ ‘ਤੇ ਗਠਿਤ ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਰਾਹੀਂ ਮੋਦੀ ਸਰਕਾਰ ਦੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਹੂ-ਬ-ਹੂ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨਾ ਇਸ ਤੱਥ ਦੀ ਪੁਸ਼ਟੀ ਕਰਦੀਆਂ ਹਨ ਕਿ ਅਮਰਿੰਦਰ ਸਿੰਘ ਮੋਦੀ ਸਰਕਾਰ ਦੇ ਕਰਿੰਦੇ ਵਜੋਂ ਕੰਮ ਕਰ ਰਹੇ ਹਨ।
ਹਰਪਾਲ ਸਿੰਘ ਚੀਮਾ ਨੇ ਭਾਜਪਾ ਸੰਸਦ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਹਫ਼ਤੇ ਦੀ ਮੁਹਲਤ ਦਿੱਤੀ ਅਤੇ ਕਿਹਾ ਜੇਕਰ ਸੋਮ ਪ੍ਰਕਾਸ਼ ਅਸਤੀਫ਼ਾ ਨਹੀਂ ਦਿੰਦਾ ਤਾਂ ਆਮ ਆਦਮੀ ਪਾਰਟੀ ਉਨ੍ਹਾਂ ਸਮੇਤ ਭਾਜਪਾ ਦੇ ਸਾਰੇ ਸੰਸਦਾਂ ਅਤੇ ਸੂਬਾ ਪ੍ਰਧਾਨ ਦੇ ਘਰਾਂ ਦਾ ਘਿਰਾਓ ਕਰੇਗੀ।
ਬਾਕਸ ਲਈ
ਮੰਡੀਆਂ ‘ਚ ਰੁਲ ਰਹੀ ਮੱਕੀ, ਕਪਾਹ ਅਤੇ ਬਾਸਮਤੀ ਬਾਰੇ ਜਵਾਬ ਦੇਣ ਸਰਕਾਰਾਂ- ‘ਆਪ’
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਨੀਅਤ ਦਾ ਖ਼ਮਿਆਜ਼ਾ ਦੇਸ਼ ਅਤੇ ਪੰਜਾਬ ਦਾ ਕਿਸਾਨ ਕੱਲ੍ਹ ਵੀ ਭੁਗਤਦਾ ਸੀ ਅਤੇ ਅੱਜ ਵੀ ਭੁਗਤ ਰਿਹਾ ਹੈ।
ਅੱਜ ਪੰਜਾਬ ਦੀਆਂ ਮੰਡੀਆਂ ‘ਚ ਐਮਐਸਪੀ ਐਲਾਨੀ ਹੋਣ ਦੇ ਬਾਵਜੂਦ ਮੱਕੀ 1870 ਦੀ ਥਾਂ 650 ਤੋਂ 1000 ਰੁਪਏ ਅਤੇ ਨਰਮਾ (ਕਾੱਟਨ) 5825 ਰੁਪਏ ਪ੍ਰਤੀ ਕਵਿੰਟਲ ਦੀ ਥਾਂ 4000-4500 ਰੁਪਏ ਵਿਕ ਰਿਹਾ ਹੈ। ਜਦਕਿ ਐਮਐਸਪੀ ਰਹਿਤ ਬਾਸਮਤੀ ਦੀ ਫ਼ਸਲ ਮਹਿਜ਼ 1900 ਰੁਪਏ ਪ੍ਰਤੀ ਕਵਿੰਟਲ ਖ਼ਰੀਦੀ ਜਾ ਰਹੀ ਹੈ, ਜਿਸ ਨੂੰ ਬਾਅਦ ‘ਚ ਇਹੋ ਵਿਚੋਲੇ (ਮਿਡਲ) ਖ਼ਰੀਦਦਾਰ 6000 ਰੁਪਏ ਪ੍ਰਤੀ ਕਵਿੰਟਲ ਤੱਕ ਖਪਤਕਾਰਾਂ ਨੂੰ ਵੇਚਦੇ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਅਜੇ ਟ੍ਰੇਲਰ ਹੈ ਜਦ ਮੋਦੀ ਦੇ ਇਹ ਕਾਲੇ ਕਾਨੂੰਨ ਲਾਗੂ ਹੋ ਗਏ ਤਾਂ ਕਣਕ ਅਤੇ ਝੋਨੇ ਦਾ ਹਾਲ ਹੋਰ ਵੀ ਬਦਤਰ ਹੋਵੇਗਾ।
No comments:
Post a Comment