SBP GROUP

SBP GROUP

Search This Blog

Total Pageviews

ਮੁੱਖ ਸਕੱਤਰ ਪੰਜਾਬ ਨੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਇਨ-ਲਾਈਨ ਬੈਗੇਜ ਸਕ੍ਰੀਨਿੰਗ ਸਿਸਟਮ ਦਾ ਕੀਤਾ ਉਦਘਾਟਨ

 ਐਸ.ਏ.ਐਸ.ਨਗਰ, 10 ਦਸੰਬਰ : ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਯਾਤਰੀਆਂ ਦੀ ਸਹੂਲਤ ਲਈ ਬੈੱਗੇਜ ਹੈਂਡਲਿੰਗ ਪ੍ਰਣਾਲੀ ਦੇ ਖੇਤਰ ਵਿਚ ਤਕਨੀਕੀ ਵਿਕਾਸ ਕਰਦਿਆਂ ਇਨ-ਲਾਈਨ ਬੈਗੇਜ ਸਕ੍ਰੀਨਿੰਗ ਪ੍ਰਣਾਲੀ ਦੀ ਸਥਾਪਨਾ ਨਾਲ ਅਪਗ੍ਰੇਡ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਨਵੇਂ ਸਥਾਪਤ ਕੀਤੇ ਇਨ-ਲਾਈਨ ਬੈਗੇਜ ਸਕ੍ਰੀਨਿੰਗ ਸਿਸਟਮ ਦੇ ਉਦਘਾਟਨ ਉਪਰੰਤ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦਿੱਤੀ।


ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਇਨ-ਲਾਈਨ ਸਿਸਟਮ ਨਾਲ ਸਕ੍ਰੀਨਿੰਗ ਸਮੇਂ ਯਾਤਰੀਆਂ ਦੇ ਸਮਾਨ ਦੀ ਸਕ੍ਰੀਨਿੰਗ ਲਈ ਅੱਧਾ ਸਮਾਂ ਲੱਗੇਗਾ। ਇਸ ਦੀ ਸਕ੍ਰੀਨਿੰਗ ਸਮਰਥਾ 1500 ਬੈਗ ਪ੍ਰਤੀ ਘੰਟਾ ਹੈ। ਇਸ ਨਵੀਂ ਪ੍ਰਣਾਲੀ ਦੇ ਲਾਗੂ ਹੋਣ ਨਾਲ, ਯਾਤਰੀਆਂ ਨੂੰ ਸਾਮਾਨ ਦੀ ਜਾਂਚ ਲਈ ਨਿੱਜੀ ਤੌਰ 'ਤੇ ਕਤਾਰ ਲਗਾਉਣ ਦੀ ਜ਼ਰੂਰਤ ਨਹੀਂ ਹੋਵੇਗੀ।
ਇਸ ਪ੍ਰਣਾਲੀ ਨਾਲ ਚੈੱਕ-ਇਨ ਕਰਨ ਵਿੱਚ ਮੁਸ਼ਕਲ ਨਹੀਂ ਆਵੇਗੀ ਅਤੇ ਪ੍ਰਤੀ ਯਾਤਰੀ ਔਸਤਨ 5 ਤੋਂ 10 ਮਿੰਟ ਦੀ ਬਚਤ ਹੋਣ ਦੀ ਉਮੀਦ ਹੈ। ਇਹ ਪ੍ਰਾਜੈਕਟ 15.8 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ ਅਤੇ ਬੈਗੇਜ ਪ੍ਰੋਸੈਸਿੰਗ ਅਤੇ ਸਕ੍ਰੀਨਿੰਗ ਪ੍ਰਣਾਲੀ ਮੁਹੱਈਆ ਕਰਵਾਉਣ ਲਈ ਮੌਜੂਦਾ ਬੈਗੇਜ ਹੈਂਡਲਿੰਗ ਪ੍ਰਣਾਲੀ ਨਾਲ ਜੋੜਿਆ ਗਿਆ ਹੈ।
ਇਸ ਉਪਰੰਤ ਸ੍ਰੀਮਤੀ ਵਿਨੀ ਮਹਾਜਨ ਨੇ ਹਵਾਈ ਅੱਡੇ ਦੀਆਂ ਨਵੀਆਂ ਸਹੂਲਤਾਂ ਦਾ ਜਾਇਜਾ ਲਿਆ ਅਤੇ ਕਾਨਫਰੰਸ ਹਾਲ ਵਿੱਚ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਅਤੇ ਚੰਡੀਗੜ੍ਹ ਏਅਰਪੋਰਟ ਦੇ ਹੋਰ ਵਿਕਾਸ ਨਾਲ ਜੁੜੇ ਮੁੱਦਿਆਂ ਬਾਰੇ ਲੰਬੀ ਚਰਚਾ ਕੀਤੀ।
ਮੁੱਖ ਸਕੱਤਰ ਨੇ ਏਅਰ ਲਾਈਨਜ਼ ਲਈ ਚੰਡੀਗੜ੍ਹ ਹਵਾਈ ਅੱਡੇ ਤੋਂ ਨਵੇਂ ਰੂਟ/ ਨਾ ਵਰਤੇ ਜਾ ਰਹੇ ਰੂਟਾਂ ਨੂੰ ਜੋੜਨ ਲਈ ਸ਼ੁਰੂ ਕੀਤੀ ਪ੍ਰੋਤਸਾਹਨ ਯੋਜਨਾ ਦਾ ਜਾਇਜ਼ਾ ਵੀ ਲਿਆ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਹਵਾਈ ਅੱਡਾ ਅਜਿਹਾ ਪਹਿਲਾ ਹਵਾਈ ਅੱਡਾ ਹੈ ਜੋ ਨਵੇਂ ਰੂਟ/ ਨਾ ਵਰਤੇ ਜਾ ਰਹੇ ਰੂਟਾਂ ‘ਤੇ ਘਰੇਲੂ ਹਵਾਈ ਯਾਤਰਾ ਲਈ ਏਅਰਲਾਈਨਜ਼ ਨੂੰ ਛੋਟ ਦੀ ਪੇਸ਼ਕਸ਼ ਕਰ ਰਿਹਾ ਹੈ। ਨਿਰਧਾਰਤ ਮਾਪਦੰਡਾਂ ਮੁਤਾਬਕ ਏਅਰਲਾਈਨਜ਼ ਨੂੰ ਦਿੱਤੀਆਂ ਛੋਟਾਂ ਵਿੱਚ ਪ੍ਰਤੀ ਯਾਤਰੀ, ਜੀਐਸਟੀ ਛੱਡ ਕੇ 125 ਨੌਟਿਕਲ ਮੀਲ ਲਈ 125 ਰੁਪਏ ਅਤੇ ਇਸ ਤੋਂ ਵੱਧ ਦੂਰੀ ਲਈ 300 ਰੁਪਏ ਦੀ ਛੋਟ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।
ਇਸ ਉਦਘਾਟਨੀ ਸਮਾਰੋਹ ਵਿੱਚ ਸ਼ਹਿਰੀ ਹਵਾਬਾਜ਼ੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਗਮਾਡਾ ਦੇ ਮੁੱਖ ਪ੍ਰਸ਼ਾਸਕ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਡੀਸੀ ਮੁਹਾਲੀ ਸ੍ਰੀ ਗਿਰੀਸ਼ ਦਿਆਲਾਨ, ਏਅਰ ਕਮੋਡੋਰ ਤੇਜਬੀਰ ਸਿੰਘ, ਏ.ਏ.ਆਈ. ਉੱਤਰੀ ਖੇਤਰ ਦੇ ਖੇਤਰੀ ਕਾਰਜਕਾਰੀ ਨਿਰਦੇਸ਼ਕ ਸ੍ਰੀ ਡੀ.ਕੇ. ਕਾਮਰਾ (ਵੀਡੀਓ ਲਿੰਕ ਰਾਹੀਂ ਸ਼ਾਮਲ ਹੋਏ) ਅਤੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀਈਓ ਸ੍ਰੀ ਅਜੈ ਕੁਮਾਰ ਸਮੇਤ ਕਸਟਮ /ਇਮੀਗ੍ਰੇਸ਼ਨ /ਪੰਜਾਬ ਪੁਲਿਸ ਦੇ ਅਧਿਕਾਰੀ ਸ਼ਾਮਲ ਸਨ।

No comments:


Wikipedia

Search results

Powered By Blogger