ਐਸ.ਏ.ਐਸ ਨਗਰ, 29 ਜੂਨ : ਕਿਸੇ ਵੀ ਦੇਸ਼ ਦੇ ਉਦਯੋਗਿਕ ਅਤੇ ਆਰਥਿਕ ਵਿਕਾਸ ਦੀ ਪ੍ਰੀਕਿਰਿਆ ਲਈ ਉਦਮੀ ਮਹੱਤਵਪੂਰਣ ਸਰੋਤ: ਮਾਈਕਲ ਰੋਸੇਨਥਲ
ਭਾਰਤ ਸਰਕਾਰ ਉਦਮਤਾ ਅਤੇ ਸਟਾਰਟਅੱਪ ਇਕੋਸਿਸਟਮ ਦੀ ਪ੍ਰਫੁੱਲਿਤਾ ਲਈ ਕਰ ਰਹੀ ਹੈ ਅਣਥੱਕ ਯਤਨ: ਡਾ. ਸੁਜੀਤ ਬੈਨਰਜੀ
ਭਾਰਤ ਦੇ ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਦੇ ਇਨੋਵੇਸ਼ਨ ਇਕੋਸਿਸਟਮ ਦੇ ਨਿਰਮਾਣ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ।ਲਗਭਗ 50 ਹਜ਼ਾਰ ਸਟਾਰਟ-ਅੱਪਸ ਨਾਲ ਭਾਰਤ ਅਮਰੀਕਾ ਅਤੇ ਯੂਕੇ ਤੋਂ ਬਾਅਦ ਵਿਸ਼ਵ ਦੀ ਤੀਜੀ ਸੱਭ ਤੋਂ ਵੱਡੀ ਸਟਾਰਟਅੱਪ ਆਰਥਿਕਤਾ ਬਣਕੇ ਉਭਰੀ ਹੈ। ਗਲੋਬਲ ਇਨੋਵੇਸ਼ਨ ਇੰਡੈਕਸ (ਜੀ.ਆਈ.ਆਈ) ਰੈਕਿੰਗ ਵਿੱਚ ਭਾਰਤ 4 ਅੰਕਾਂ ਦੇ ਸੁਧਾਰ ਨਾਲ 48ਵੇਂ ਸਥਾਨ ’ਤੇ ਕਾਬਜ਼ ਹੋ ਗਿਆ ਹੈ।ਦੇਸ਼ ਨੂੰ ਇਨੋਵੇਸ਼ਨ ਅਤੇ ਉਦਮਤਾ ਦੇ ਖੇਤਰ ’ਚ ਚੋਟੀ ਦੇ ਦੇਸ਼ਾਂ ’ਚ ਸ਼ੁਮਾਰ ਕਰਵਾਉਣ ਲਈ ਭਾਰਤ ਸਰਕਾਰ ਦਾ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਵੱਖੋ-ਵੱਖਰੀਆਂ ਪਹਿਲਕਦਮੀਆਂ ਨਾਲ ਲਗਾਤਾਰ ਯਤਨਸ਼ੀਲ ਹੈ। ਇਸੇ ਉਦੇਸ਼ ਤਹਿਤ ਵਿਦਿਆਰਥੀਆਂ ਨੂੰ ਇਨੋਵੇਸ਼ਨ ਅਤੇ ਸਵੈ-ਰੋਜ਼ਗਾਰ ਪ੍ਰਤੀ ਪ੍ਰੋਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਅਤੇ ਇੰਸਟੀਚਿਊਸ਼ਨਲ ਇਨੋਵੇਸ਼ਨ ਕਾਊਂਸਲ ਦੇ ਸਹਿਯੋਗ ਨਾਲ ਅਬਦੁੱਲ ਕਲਾਮ ਇੰਟਰਨੈਸ਼ਨਲ ਇਨੋਵੇਸ਼ਨ ਕਨਕਲੇਵ-2021 ਕਰਵਾਇਆ ਜਾ ਰਿਹਾ ਹੈ।
ਕਨਕਲੇਵ ਦਾ ਥੀਮ ਆਈ.ਓ.ਟੀ/ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਖੇਤੀਬਾੜੀ, ਸਿਹਤ, ਸਥਿਰ ਵਿਕਾਸ ਟੀਚੇ, ਊਰਜਾ ਅਤੇ ਪਾਣੀ ਸੰਭਾਲ, ਕੂੜਾ ਪ੍ਰਬੰਧਨ ਅਤੇ ਉਤਪਾਦ ਵਿਕਾਸ ’ਤੇ ਆਧਾਰਿਤ ਹੈ, ਇਨ੍ਹਾਂ ਖੇਤਰਾਂ ’ਚ ਦਰਪੇਸ਼ ਚਣੌਤੀਆਂ ਦੇ ਹੱਲਾਂ ਸਬੰਧੀ ਅਮਰੀਕਾ, ਕੈਨੇਡਾ, ਜਰਮਨੀ, ਯੂਕੇ ਸਮੇਤ 32 ਦੇਸ਼ਾਂ ਦੇ ਵਿਦਿਆਰਥੀ ਜਾਂ ਖੋਜਾਰਥੀ ਆਪਣੇ ਵਿਚਾਰ ਅਤੇ ਉਤਪਾਦ ਜਮ੍ਹਾਂ ਕਰਵਾਉਣਗੇ।
ਮਿਸਾਈਲ ਮੈਨ ਆਫ਼ ਇੰਡੀਆ ਅਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ ਅਬਦੁੱਲ ਕਲਾਮ ਜੀ ਦੇ ਖੋਜ ਅਤੇ ਸਪੇਸ ਤਕਨਾਲੋਜੀ ਦੇ ਖੇਤਰ ’ਚ ਯੋਗਦਾਨਾਂ ਨੂੰ ਸਮਰਪਿਤ ਅੰਤਰਰਾਸ਼ਟਰੀ ਇਨੋਵੇਸ਼ਨ ਕਨਕਲੇਵ-2021 ਦਾ ਅੱਜ ਰਸਮੀ ਤੌਰ ’ਤੇ ਉਦਘਾਟਨ ਕੀਤਾ ਗਿਆ। ਇਸ ਦੌਰਾਨ ਆਸਟ੍ਰੇਲੀਅਨ ਟਰੇਡ ਐਂਡ ਇਨਵੈਸਟਮੈਂਟ ਕਮੀਸ਼ਨ, ਐਜੂਕੇਸ਼ਨ ਡਾਇਰੈਕਟਰ ਮਨਹਾਜ਼ ਖ਼ਾਨ, ਯੂ.ਈ.ਟੀ ਇਟਲੀ ਦੀ ਪ੍ਰੈਜੀਡੈਂਟ ਮਰੀਨਾ, ਸੀ.ਟੀ.ਆਈ.ਓ ਐਂਡੀ ਵੀ.ਪੀ ਇਨਸਾਈਟਸ ਐਂਡ ਡਾਟਾ, ਕੈਪਜੈਮਿਨੀ ਦੇ ਸਟਾਰਟਅੱਪ ਐਡਵਾਈਜ਼ਰ ਮੁਕੇਸ਼ ਜੈਨ, ਮਨਿਸਟਰੀ ਆਫ਼ ਐਜੂਕੇਸ਼ਨ ਇਨੋਵੇਸ਼ਨ ਸੈਲ ਦੇ ਇਨੋਵੇਸ਼ਨ ਡਾਇਰੈਕਟਰ ਮੋਹਿਤ ਗੰਭੀਰ, ਸਟੱਡੀਜ਼ ਐਡਲੇਡ ਆਸਟ੍ਰੇਲੀਆ ਦੇ ਬਿਜਨੈਸ ਮੈਨੇਜਰ ਨੇਹਾ ਦੀਵਾਨ, ਡੀ.ਐਸ.ਟੀ ਦੇ ਡਾਇਰੈਕਟਰ ਡਾ. ਸੁਜੀਤ ਬੈਨਰਜੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਉਚੇਚੇ ਤੌਰ ’ਤੇ ਮੌਜੂਦ ਸਨ।
ਇਸ ਮੌਕੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਯੂ.ਐਸ ਅੰਬੈਸੀ ਦੇ ਉੱਤਰ ਭਾਰਤ ਦੇ ਡਾਇਰੈਕਟਰ ਮਾਈਕਲ ਰੋਸੇਨਥਲ ਨੇ ਕਿਹਾ ਕਿ ਕੇਵਲ ਸਰਕਾਰ ਹੀ ਉਦਮੀ ਨਹੀਂ ਪੈਦਾ ਕਰ ਸਕਦੀ, ਸਾਨੂੰ ਵਿਅਕਤੀਗਤ ਤੌਰ ’ਤੇ ਵੀ ਉਦਮੀ ਸੱਭਿਆਚਾਰ ਦੇ ਵਿਕਾਸ ਲਈ ਮਹੱਤਵਪੂਰਨ ਭੂਮਿਕਾ ਨਿਭਾਉਣੀ ਪਵੇਗੀ। ਉਦਮੀ ਕਿਸੇ ਵੀ ਦੇਸ਼ ਦੇ ਉਦਯੋਗਿਕ ਅਤੇ ਆਰਥਿਕ ਵਿਕਾਸ ਦੀ ਪ੍ਰੀਕਿਰਿਆ ਵਿੱਚ ਮੁੱਖ ਸਰੋਤ ਵਜੋਂ ਸੇਵਾਵਾਂ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਭਾਰਤ ਦਾ ਦੂਜਾ ਸੱਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਭਾਰਤ ਅਤੇ ਅਮਰੀਕਾ ਦਰਮਿਆਨ ਦੁਵੱਲੀ ਚੀਜ਼ਾਂ ਅਤੇ ਸੇਵਾਵਾਂ ਦਾ ਵਪਾਰ 2018 ’ਚ 142.6 ਬਿਲੀਅਨ ਸੀ।ਸੰਯੁਕਤ ਰਾਜ ਦੇ ਨਾਲ ਭਾਰਤ ਦਾ ਵਪਾਰ ਸਰਪਲੱਸ ਸਾਲ 2019 ’ਚ 16.9 ਬਿਲੀਅਨ ਡਾਲਰ ਰਿਹਾ ਜਦਕਿ ਵਸਤੂ ਵਪਾਰ ਦੇ ਮਾਮਲੇ ਵਿੱਚ ਯੂਐਸ ਭਾਰਤ ਦੇ ਚੋਟੀ ਦੇ ਵਪਾਰਕ ਭਾਈਵਾਲਾਂ ਵਿਚੋਂ ਇੱਕ ਹੈ ਅਤੇ ਭਾਰਤ ਇਸ ਦਾ ਅੱਠਵਾਂ ਸੱਭ ਤੋਂ ਵੱਡਾ ਭਾਈਵਾਲ ਹੈ।ਅੱਜ ਦੁਵੱਲੇ ਵਪਾਰ ਦੋਵਾਂ ਦੇਸ਼ਾਂ ਲਈ ਨੌਕਰੀਆਂ ਅਤੇ ਆਰਥਿਕ ਵਿਕਾਸ ਲਈ ਲਾਹੇਵੰਦ ਹਨ, ਇਸ ਲਈ ਦੋਵਾਂ ਮੁਲਕਾਂ ਲਈ ਇਨੋਵੇਟਰ ਅਤੇ ਉਦਮੀ ਦੀ ਸਾਰਥਿਕ ਹੋਂਦ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਆਤਮ-ਨਿਰਭਰਤਾ ਲਈ ਉਦਮਤਾ ਜ਼ਰੂਰੀ ਹੈ। ਸਿਲੀਕਾਨ ਵੈਲੀ ਜੋ ਅਮਰੀਕਾ ਦੇ ਆਈ.ਟੀ ਹੱਬ ਵਜੋਂ ਜਾਣੀ ਜਾਂਦੀ ਹੈ, ਨੂੰ ਉੱਥੇ ਕੰਮ ਕਰੇ ਰਹੇ ਬਹੁਤ ਸਾਰੇ ਉਦਮੀਆਂ ਦੇ ਸਿਰਜਣਾਤਮਕ ਵਿਚਾਰਾਂ ਦਾ ਲਾਭ ਮਿਲਿਆ ਹੈ।
ਇਸ ਮੌਕੇ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਡਾਇਰੈਕਟਰ ਸੁਜੀਤ ਬੈਨਰਜੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਇਨੋਵੇਸ਼ਨ ਅਤੇ ਖੋਜ ਖੇਤਰ ਵੱਲ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਵੱਲੋਂ ਵੱਖ-ਵੱਖ ਯੋਜਨਾਵਾਂ ਉਲੀਕੀਆਂ ਗਈਆਂ ਹਨ, ਜਿਨ੍ਹਾਂ ਦੇ ਸਾਰਥਿਕ ਨਤੀਜੇ ਸਾਹਮਣੇ ਆਏ ਹਨ। ਸਰਕਾਰ ਵੱਲੋਂ ਵੱਖ-ਵੱਖ ਸੰਸਥਾਵਾਂ ’ਚ ਟੈਕਨਾਲੋਜੀ ਬਿਜਨੈਸ ਇਨਕੁਬੇਟਰ (ਟੀ.ਬੀ.ਆਈ) ਸੈਂਟਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਵਿਦਿਆਰਥੀ ਆਪਣੇ ਨਵੀਨਤਮ ਵਿਚਾਰਾਂ ਨੂੰ ਉਤਪਾਦਾਂ ’ਚ ਬਦਲ ਕੇ ਦੇਸ਼ ਨੂੰ ਵਿਸ਼ਵਵਿਆਪੀ ਪੱਧਰ ’ਤੇ ਅੱਗੇ ਲਿਜਾ ਰਹੇ ਹਨ।ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਉਦਮਸ਼ੀਲਤਾ ਅਤੇ ਸਟਾਰਟਅੱਪ ਇਕੋਸਿਸਟਮ ਪ੍ਰਣਾਲੀ ਵਿੱਚ ਨੀਤੀ ਆਧਾਰਤ ਨਵੀਨਤਾਵਾਂ ਲਿਆ ਕੇ ਇਸ ਦਿਸ਼ਾ ਵਿੱਚ ਰਾਸ਼ਟਰੀ ਯਤਨਾਂ ਦੇ ਉਦੇਸ਼ਾਂ ਨੂੰ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਟਕਨਾਲੋਜੀ ਵਿਭਾਗ, ਬਾਇਓਟੈਕਨਾਲੋਜੀ ਵਿਭਾਗ ਅਤੇ ਪੁਲਾੜ ਵਿਭਾਗ ਵਰਗੀਆਂ ਸੰਸਥਾਵਾਂ ਨੇ ਰਾਸ਼ਟਰੀ ਇਨੋਵੇਸ਼ਨ ਸੱਭਿਆਚਾਰ ਨੂੰ ਹੋਰ ਪ੍ਰਫੁਲਿਤ ਕਰਨ ’ਚ ਵਿਸ਼ੇਸ਼ ਭੂਮਿਕਾ ਨਿਭਾਈ ਹੈ।ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਦਾ ਇੰਟਰਪ੍ਰਾਇਨਰ ਇਨ ਰੈਜ਼ੀਡੈਂਸ (ਈ.ਆਈ.ਆਰ) ਭਾਰਤ ਦੇ ਯੋਗ ਨੌਜਵਾਨਾਂ ਨੂੰ ਉਤਸ਼ਾਹਤ ਕਰਦਾ ਹੈ ਕਿ ਉਹ ਇੱਕ ਵਿਹਾਰਕ ਕੈਰੀਅਰ ਵਜੋਂ ਉਦਮਸ਼ੀਲਤਾ ਅਪਣਾਉਣ ਅਤੇ ਭਾਰਤ ਦੇ ਭਵਿੱਖ ਅਤੇ ਆਰਥਿਕਤਾ ਨੂੰ ਨਵਾਂ ਆਕਾਰ ਦੇਣ ਵਿੱਚ ਸਹਾਇਤਾ ਕਰਨ।
ਇਸ ਮੌਕੇ ਸ਼੍ਰੀ ਮੋਹਿਤ ਗੰਭੀਰ ਨੇ ਕਿਹਾ ਕਿ ਅਸੀਂ ਮੁੱਖ ਤੌਰ ’ਤੇ ਇਨੋਵੇਸ਼ਨ ਸੈਲ ਦੀ ਸਹਾਇਤਾ ਨਾਲ ਇਨੋਵੇਸ਼ਨ ਦੇ ਖੇਤਰ ’ਚ ਪ੍ਰਫੁਲਿਤਾ ਲਈ ਕੰਮ ਕਰ ਰਹੇ ਹਾਂ, ਜੋ ਇੱਕ ਮਜ਼ਬੂਤ ਇਨੋਵੇਸ਼ਨ ਮਾਈਂਡਸੈਂਟ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ।ਉਨ੍ਹਾਂ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉੱਚ ਪੱਧਰ ਤੋਂ ਹੇਠਲੇ ਪੱਧਰ ਯਾਨੀ ਉਚ ਸਿੱਖਿਆ ਤੋਂ ਲੈ ਕੇ ਸਕੂਲ ਤੱਕ ਦੇ ਪਾੜੇ ਨੂੰ ਦੂਰ ਕੀਤਾ ਜਾਵੇ, ਜਿੱਥੇ ਬਹੁਤ ਸਾਲ ਪਹਿਲਾਂ ਲੋਕਾਂ ਨੂੰ ਬਿਹਤਰ ਮੌਕੇ ਨਹੀਂ ਮਿਲੇ ਸਨ। ਸਾਡੇ ਕੋਲ ਵੱਖ-ਵੱਖ ਕਾਲਜਾਂ ਵਿੱਚ 2500 ਤੋਂ ਵੱਧ ਇੰਸਟੀਚਿਊਸ਼ਨਲ ਇਨੋਵੇਸ਼ਨ ਕਾਊਂਸਲ ਹਨ ਜੋ ਡਿਜ਼ਾਇਨ ਵਿਚਾਰਾਂ, ਸਿਰਜਣਾਤਮਕਤਾ, ਉਦਮਤਾ ਸਬੰਧੀ ਹੁਨਰਾਂ ਆਦਿ ਰਾਹੀਂ ਨੌਜਵਾਨਾਂ ਦਾ ਵਿਕਾਸ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਮੌਕੇ ਸ਼੍ਰੀ ਮੁਕੇਸ਼ ਜੈਨ ਨੇ ਕਿਹਾ ਕਿ ਇਨੋਵੇਸ਼ਨ ਦੀ ਸ਼ੁਰੂਆਤ ਇੱਕ ਛੋਟੇ ਵਿਚਾਰ ਨਾਲ ਹੁੰਦੀ ਹੈ, ਜਿਸ ਨੂੰ ਸਮਾਜ ਲਈ ਫਾਇਦੇਮੰਦ ਬਣਾਉਣ ਲਈ ਭਵਿੱਖ ਦੀ ਤਕਨੀਕ ਦਾ ਆਕਾਰ ਲੈਣ ਲਈ ਪ੍ਰੋਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨੋਵੇਸ਼ਨ ਵਿਚਾਰਾਂ ਦਾ ਵਿਕਾਸ ਅਤੇ ਕਾਰਜ ਹੈ ਜੋ ਚੀਜ਼ਾਂ ਦੇ ਢੰਗ ਨੂੰ ਬਿਹਤਰ ਬਣਾਉਂਦੀ ਹੈ। ਸਾਨੂੰ ਵਿਦਿਆਰਥੀਆਂ ਵਿਚੋਂ ਅਸਫ਼ਲਤਾ ਦੇ ਡਰ ਨੂੰ ਦੂਰ ਕਰਨਾ ਪਵੇਗਾ। ਇਨੋਵੇਟਰ ਬਣਨਾ ਚਣੌਤੀਆਂ ਅਤੇ ਮਿਹਨਤ ਭਰਿਆ ਕਦਮ ਹੈ, ਸਫਲ ਹੋਣ ਲਈ ਆਰਾਮ ਦੇ ਖੇਤਰ ਤੋਂ ਬਾਹਰ ਨਿਕਲਣਾ ਪਵੇਗਾ।
ਕਨਕਲੇਵ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਰਿਸਰਚ ਵਿਭਾਗ ਦੇ ਡੀਨ ਡਾ. ਸੰਜੀਤ ਸਿੰਘ ਨੇ ਦੱਸਿਆ ਕਿ ਇਨੋਵੇਸ਼ਨ ਕਨਕਲੇਵ ਦੌਰਾਨ ਦੁਨੀਆਂ ਭਰ ਤੋਂ ਕਲਾ, ਵਣਜ, ਮਨੁੱਖਤਾ ਅਤੇ ਇੰਜੀਨੀਅਰਿੰਗ ਵਰਗੇ ਸਮੁੱਚੇ ਵਿਭਾਗਾਂ ਦੇ ਵਿਦਿਆਰਥੀਆਂ ਸਮੇਤ ਕੋਈ ਵੀ ਖੋਜਾਰਥੀ ਜਾਂ ਫੈਕਲਟੀ ਭਾਗ ਲੈ ਸਕਦੀ ਹੈ। ਥੀਮਾਂ ਅਧਾਰਿਤ ਵਿਚਾਰ ਜਮ੍ਹਾਂ ਕਰਵਾਉਣ ਦੀ ਆਖ਼ਰੀ ਤਾਰੀਖ 5 ਅਗਸਤ, 2021 ਹੋਵੇਗੀ ਜਦਕਿ ਵਿਚਾਰਾਂ ਦੀ ਸਕ੍ਰੀਨਿੰਗ ਅਤੇ ਸ਼ਾਰਟਲਿਸਟਿੰਗ 17 ਅਗਸਤ, 2021 ਨੂੰ ਹੋਵੇਗੀ। ਇਸ ਤੋਂ ਇਲਾਵਾ ਪ੍ਰੈਜੇਟੇਸ਼ਨ ਦਾ ਪਹਿਲਾ ਦੌਰ 25 ਅਗਸਤ, 2021 ਨੂੰ ਹੋਵੇਗਾ ਜਦਕਿ ਪੋਸਟਰ ਅਤੇ ਪ੍ਰਾਜੈਕਟ ਦੀ ਪ੍ਰੈਜੇਟੇਸ਼ਨ ਦਾ ਆਖ਼ਰੀ ਦੌਰ 4 ਸਤੰਬਰ ਨੂੰ ਹੋਵੇਗਾ, ਜਿਸ ਵਿੱਚ ਜੇਤੂਆਂ ਨੂੰ ਵੱਖ-ਵੱਖ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।3 ਅਤੇ 4 ਸਤੰਬਰ, 2021 ਨੂੰ ਸਮਾਪਤੀ ਸਮਾਗਮ ਕਰਵਾਇਆ ਜਾਵੇਗਾ, ਜਿਸ ’ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਜੇਤੂਆਂ ਨੂੰ ਪਹਿਲੇ ਇਨਾਮ ਤਹਿਤ 1300 ਯੂ.ਐਸ ਡਾਲਰ, ਦੂਜਾ ਇਨਾਮ 650 ਯੂ.ਐਸ ਡਾਲਰ ਅਤੇ ਤੀਜਾ ਇਨਾਮ 300 ਡਾਲਰ ਦਿੱਤਾ ਜਾਵੇਗਾ।
ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਨੋਵੇਸ਼ਨ ਕਨਕਲੇਵ ਵਿਦਿਆਰਥੀਆਂ ਨੂੰ ਨਵੇਂ ਵਿਚਾਰਾਂ ਅਤੇ ਉਤਪਾਦਾਂ ਨੂੰ ਵਿਕਸਤ ਕਰਨ ਲਈ ਵਿਲੱਖਣ ਮੰਚ ਪ੍ਰਦਾਨ ਕਰਵਾਏਗੀ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਤਕਨੀਕੀ ਯੁੱਗ ਦੇ ਹਾਣੀ ਬਣਾਉਣ ਦੇ ਮਕਸਦ ਨਾਲ ਉਨ੍ਹਾਂ ਨੂੰ ਅਤਿ ਆਧੁਨਿਕ ਲੈਬਾਂ ਅਤੇ ਖੋਜ ਕੇਂਦਰਾਂ ਜ਼ਰੀਏ ਨਵੀਂਆਂ ਕਾਂਢਾਂ ਦੇ ਨਿਰਮਾਣ ਲਈ ਉਤਸ਼ਾਹਿਤ ਕਰਨ ਵੱਲ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਕੈਂਪਸ ’ਚ ਉਦਯੋਗ ਜਗਤ ਦੀਆਂ ਬਹੁਕੌਮੀ ਕੰਪਨੀਆਂ ਵੱਲੋਂ ਵਿਸ਼ਵ ਪੱਧਰੀ ਖੋਜ ਸਹੂਲਤਾਂ ਦੇ ਨਾਲ 30 ਤੋਂ ਜ਼ਿਆਦਾ ਅਤਿ-ਆਧੁਨਿਕ ਖੋਜ ਕੇਂਦਰ, ਇੰਡਸਟਰੀ ਗਠਜੋੜਾਂ ਤਹਿਤ ਸਥਾਪਿਤ 14 ਲੈਬਾਰਟਰੀਆਂ, ਹੌਸਪਿਟਾਲਿਟੀ ਵਿਦਿਆਰਥੀਆਂ ਲਈ 5 ਟ੍ਰੇਨਿੰਗ ਸੈਂਟਰ ਸਥਾਪਿਤ ਕੀਤੇ ਗਏ ਹਨ ਜਦਕਿ 50 ਤੋਂ ਜ਼ਿਆਦਾ ਵਿਭਾਗੀ ਖੋਜ ਗੁਰੱਪਾਂ ਦੇ ਨਾਲ-ਨਾਲ 300 ਤੋਂ ਜ਼ਿਆਦਾ ਉਦਯੋਗਿਕ ਮਾਹਿਰਾਂ ਦੁਆਰਾ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ’ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਖੋਜ ਕਾਰਜਾਂ ਵੱਲ ਉਤਸ਼ਾਹਿਤ ਕਰਨ ਲਈ 6.50 ਕਰੋੜ ਦਾ ਬਜ਼ਟ ਰਾਖਵਾਂ ਰੱਖਿਆ ਗਿਆ ਹੈ।
No comments:
Post a Comment