ਬੂਥਗੜ੍ਹ, 28 ਜੁਲਾਈ : ਅੱਜ ਵਿਸ਼ਵ ਹੈਪੇਟਾਈਟਸ ਦਿਵਸ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਹਸਪਤਾਲ ਵਿਚ ਆਏ ਹੋਏ ਮਰੀਜ਼ਾਂ ਅਤੇ ਹੋਰ ਲੋਕਾਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਕਿਰਨਦੀਪ ਕੌਰ ਨੇ ਦਸਿਆ ਕਿ ਹੈਪੇਟਾਈਟਸ ਜਿਗਰ ਦੀ ਸੋਜ਼ਸ਼ ਹੁੰਦੀ ਹੈ ਜਿਸ ਦੇ ਕਈ ਕਾਰਨ ਹੋ ਸਕਦੇ ਹਨ। ਉਨ੍ਹਾਂ ਦਸਿਆ ਕਿ ਹੈਪੇਟਾਈਟਸ ਨਾਲ ਜੁੜੀ ਬੀਮਾਰੀ ਕਾਰਨ ਹਰ 30 ਸਕਿੰਟ ਵਿਚ ਇਕ ਮੌਤ ਹੋ ਰਹੀ ਹੈ ਜੋ ਗੰਭੀਰ ਚਿੰਤਾ ਦਾ ਮਾਮਲਾ ਹੈ। ਉਨ੍ਹਾਂ ਦਸਿਆ ਕਿ ਹੈਪੇਟਾਈਟਸ ਪੰਜ ਕਿਸਮ ਦਾ ਹੁੰਦਾ ਹੈ। ਇਸ ਦੇ ਮੁੱਖ ਕਾਰਨਾਂ ਵਿਚ ਦੂਸ਼ਿਤ ਪਾਣੀ ਪੀਣਾ ਜਾਂ ਦੂਸ਼ਿਤ ਖਾਣਾ ਖਾਣਾ, ਅਸੁਰੱਖਿਅਤ ਇੰਜੈਕਸ਼ਨ ਜਾਂ ਸਰਿੰਜਾਂ ਰਾਹੀਂ ਨਸ਼ਾ ਕਰਨਾ, ਅਸੁਰੱਖਿਅਤ ਜਿਸਮਾਨੀ ਸਬੰਧ, ਸ਼ਰਾਬ ਦੀ ਬਹੁਤ ਜ਼ਿਆਦਾ ਵਰਤੋਂ, ਦਵਾਈਆਂ ਦੀ ਬਹੁਤ ਜ਼ਿਆਦਾ ਵਰਤੋਂ ਆਦਿ ਸ਼ਾਮਲ ਹਨ।
ਐਸ.ਐਮ.ਓ. ਮੁਤਾਬਕ ਆਮ ਤੌਰ ’ਤੇ ਇਹ ਬੀਮਾਰੀ ਵਾਇਰਲ ਇਨਫ਼ੈਕਸ਼ਨ ਕਾਰਨ ਹੁੰਦੀ ਹੈ ਪਰ ਇਸ ਦੇ ਹੋਰ ਕਾਰਨ ਵੀ ਹੋ ਸਕਦੇ ਹਨ। ਇਸ ਦਾ ਇਲਾਜ ਇਸ ਗੱਲ ’ਤੇ ਨਿਰਭਰ ਹੈ ਕਿ ਵਿਅਕਤੀ ਨੂੰ ਕਿਹੜਾ ਹੈਪੇਟਾਈਟਸ ਹੈ। ਉਨ੍ਹਾਂ ਕਿਹਾ ਕਿ ਵਾਇਰਲ ਇਨਫ਼ੈਕਸ਼ਨ ਨੂੰ ਹੈਪੇਟਾਈਟਸ ਵਜੋਂ ਵਰਗੀਕ੍ਰਿਤ ਕੀਤਾ ਜਾਦਾ ਹੈ ਜਿਸ ਵਿਚ ਏ, ਬੀ, ਸੀ, ਡੀ ਅਤੇ ਈ ਸ਼ਾਮਲ ਹੈ।ਮੈਡੀਕਲ ਅਫ਼ਸਰ ਡਾ. ਹਰਮਨ ਮਾਹਲ ਨੇ ਸੰਬੋਧਨ ਕਰਦਿਆਂ ਦਸਿਆ ਕਿ ਹੈਪੇਟਾਈਟਸ ਏ ਇਨਫ਼ੈਕਸ਼ਨ ਜਾਂ ਲਾਗ ਰਾਹੀਂ ਹੁੰਦਾ ਹੈ। ਇਸ ਦੇ ਲੱਛਣਾਂ ਵਿਚ ਥਕਾਵਟ, ਕਮਜ਼ੋਰੀ, ਗਾੜ੍ਹਾ ਖ਼ੂਨ, ਫ਼ਲੂ, ਢਿੱਡ ਵਿਚ ਦਰਦ, ਭਾਰ ਦਾ ਘਟਣਾ, ਭੁੱਖ ਨਾ ਲੱਗਣੀ, ਚਮੜੀ ਅਤੇ ਅੱਖਾਂ ਦਾ ਪੀਲਾ ਪੈ ਜਾਣਾ ਆਦਿ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਹੈਪੇਟਾਈਟਸ ਦੀ ਸਮੇਂ ਸਿਰ ਜਾਂਚ ਅਤੇ ਇਲਾਜ ਬਹੁਤ ਜ਼ਰੂਰੀ ਹੈ। ਇਸ ਤੋਂ ਬਚਣ ਲਈ ਹੱਥ ਚੰਗੀ ਤਰ੍ਹਾਂ ਧੋਵੋ, ਖਾਣੇ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਓ, ਪਾਣੀ ਉਬਾਲ ਕੇ ਪੀਉ, ਪਹਿਲਾਂ ਵਰਤੇ ਹੋਏ ਇੰਜੈਕਸ਼ਨ ਦੀ ਸੂਈ, ਕਿਸੇ ਹੋਰ ਦਾ ਰੇਜ਼ਰ ਜਾਂ ਬਲੇਡ ਨਾ ਵਰਤੋ, ਸੁਰੱਖਿਅਤ ਜਿਮਸਾਨੀ ਸਬੰਧ ਬਣਾਓ, ਕੰਡੋਮ ਦੀ ਵਰਤੋਂ ਕਰੋ, ਖ਼ੂਨ ਅਤੇ ਖ਼ੂਨ ਤੋਂ ਬਣੇ ਉਤਪਾਦ ਸਿਰਫ਼ ਲਾਇੰਸਸਸ਼ੁਦਾ ਬਲੱਡ ਬੈਂਕ ਤੋਂ ਹੀ ਪ੍ਰਾਪਤ ਕਰੋ ਅਤੇ ਬੱਚੇ ਨੂੰ ਜਨਮ ਸਮੇਂ ਹੈਪੇਟਾਈਟਸ ਬੀ ਦਾ ਟੀਕਾ ਜ਼ਰੂਰ ਲਗਵਾਓ। ਉਨ੍ਹਾਂ ਦਸਿਆ ਕਿ ਸੂਬੇ ਦੇ ਜ਼ਿਲ੍ਹਾ ਹਸਪਤਾਲਾਂ ਅਤੇ ਸਬ-ਡਵੀਜ਼ਨਲ ਹਸਪਤਾਲਾਂ ਵਿਚ ਹੈਪੇਟਾਈਟਸ ਬੀ ਅਤੇ ਸੀ ਜਿਸ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਹੁੰਦਾ ਹੈ। ਇਸ ਮੌਕੇ ਡਾ. ਹਰਮਨ ਮਾਹਲ, ਡਾ. ਵਿਕਾਸ ਰਣਦੇਵ, ਡਾ. ਸੁਬਿਨ ਸਰੋਆ, ਡਾ. ਰੋਹਿਨੀ, ਡਾ. ਪ੍ਰਿਯੰਕਾ, ਬੀ.ਈ.ਈ. ਬਲਜਿੰਦਰ ਸੈਣੀ, ਬੀ.ਐਸ.ਏ. ਗੁਰਪ੍ਰੀਤ ਸਿੰਘ, ਸੋਇਆ ਆਦਿ ਵੀ ਮੌਜੂਦ ਸਨ।
No comments:
Post a Comment