ਐਸ.ਏ.ਐਸ.ਨਗਰ, 27 ਜੁਲਾਈ : ਸਫ਼ਾਈ ਸੇਵਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ ਦੀ ਮੈਂਬਰ ਅੰਜਨਾ ਪਵਾਰ ਨੇ ਅੱਜ ਇਥੇ ਐਮ.ਸੀ. ਭਵਨ ਵਿਖੇ ਸਫਾਈ ਸੇਵਕਾਂ ਨੂੰ ਦਰਪੇਸ਼ ਜ਼ਮੀਨੀ ਹਕੀਕਤਾਂ ਦਾ ਮੁਲਾਂਕਣ ਕਰਨ ਲਈ ਐਮਸੀ ਕਮਿਸ਼ਨਰ ਕਮਲ ਕੁਮਾਰ ਗਰਗ ਅਤੇ ਏਡੀਸੀ (ਡੀ) ਹਿਮਾਂਸ਼਼ੂ ਅਗਰਵਾਲ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਅਧਿਕਾਰੀਆਂ ਅਤੇ ਸਫ਼ਾਈ ਸੇਵਕ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਸਿੰਘ ਮੋਦੀ ਨੂੰ ਕਮਿਸ਼ਨ ਦੀ ਮੈਂਬਰ ਨਿਯੁਕਤ ਕਰਨ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸ੍ਰੀਮਤੀ ਪਵਾਰ ਨੇ ਕਿਹਾ ਕਿ ਮੀਟਿੰਗ ਦਾ ਉਦੇਸ਼ ਸਾਰੇ ਸਬੰਧਤ ਅਧਿਕਾਰੀਆਂ ਅਨੁਸਾਰ ਸਫ਼ਾਈ ਸੇਵਕਾਂ ਦੇ ਮਸਲਿਆਂ ਨੂੰ ਤੁਰੰਤ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ਼ ਦੀ ਸਫ਼ਾਈ ਕਰਨ ਵਾਲਿਆਂ ਲਈ ਸੀਵਰਮੈਨ ਸ਼ਬਦ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਅਣਮਨੁੱਖੀ ਅਤੇ ਬਰਾਬਰੀ ਦੇ ਸੰਵਿਧਾਨਕ ਅਧਿਕਾਰ ਦੀ ਸਪੱਸ਼ਟ ਉਲੰਘਣਾ ਹੈ। ਉਨ੍ਹਾਂ ਸੀਵਰਮੈਨ ਦੀ ਬਜਾਏ ਹੋਰ ਸ਼ਬਦਾਂ ਜਿਵੇਂ ਸਫ਼ਾਈ ਸੇਵਕ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ।
ਸੀਵਰਮੈਨ ਦੀਆਂ ਕੁੱਲ ਅਸਾਮੀਆਂ ਬਾਰੇ ਪੁੱਛਦਿਆਂ, ਮੈਂਬਰ ਨੇ ਜ਼ਿਲ੍ਹੇ ਦੀਆਂ ਹੋਰ ਨਗਰ ਕੌਂਸਲਾਂ ਵਿੱਚ ਸਫ਼ਾਈ ਸੇਵਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵੀ ਪੁੱਛਿਆ। ਉਨ੍ਹਾਂ ਸਫ਼ਾਈ ਸੇਵਕਾਂ ਲਈ ਢੁਕਵਾਂ ਤੇ ਬਿਹਤਰ ਮਾਹੌਲ ਬਣਾਉਣ ਅਤੇ ਉਚਿਤ ਟੀਕਾਕਰਨ ਉਤੇ ਜ਼ੋਰ ਦਿੱਤਾ ਕਿਉਂਕਿ ਸਫ਼ਾਈ ਸੇਵਕ ਨੂੰ ਬਿਮਾਰੀਆਂ ਦਾ ਸਭ ਤੋਂ ਜ਼ਿਆਦਾ ਖ਼ਤਰਾ ਰਹਿੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰ ਤਿੰਨ ਮਹੀਨਿਆਂ ਬਾਅਦ ਨਿਯਮਤ ਮੈਡੀਕਲ ਜਾਂਚ ਹੋਣੀ ਚਾਹੀਦੀ ਹੈ।
ਕਮਿਸ਼ਨ ਦੀ ਮੈਂਬਰ ਅੰਜਨਾ ਪਵਾਰ ਨੇ ਕਿਹਾ ਕਿ ਸਫ਼ਾਈ ਸੇਵਕਾਂ ਨੂੰ ਸਫ਼ਾਈ ਕਰਮਚਾਰੀ ਆਵਾਸ ਯੋਜਨਾ ਤਹਿਤ ਰਿਹਾਇਸ਼ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਹੋਰ ਸਹੂਲਤਾਂ ਜਿਵੇਂ ਬਾਥਰੂਮ ਦੀ ਸਹੂਲਤਾਂ ਖਾਸ ਕਰਕੇ ਮਹਿਲਾਵਾਂ ਲਈ ਅਤੇ ਹਰੇਕ ਵਾਰਡ ਵਿੱਚ ਦੋ ਚੇਂਜਿੰਗ ਰੂਮ ਹੋਣੇ ਚਾਹੀਦੇ ਹਨ, ਜਿਨ੍ਹਾਂ ਦੀ ਵਰਤੋਂ ਸਫ਼ਾਈ ਸੇਵਕਾਂ ਨਾਲ ਤਾਲਮੇਲ ਲਈ ਇਕ ਸੰਪਰਕ ਸੂਤਰ ਵਜੋਂ ਕੀਤੀ ਜਾ ਸਕਦੀ ਹੈ।
ਇਸ ਦੌਰਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਹੈ ਕਿ ਸਫ਼ਾਈ ਸੇਵਕਾਂ ਲਈ ਕਿਰਤ ਵਿਭਾਗ ਵੱਲੋਂ ਸਿਫ਼ਾਰਸ਼ ਕੀਤੇ ਅਨੁਸਾਰ ਕੁਲੈਕਟਰ ਰੇਟ ਦਿੱਤਾ ਜਾਵੇ। ਇਸ ਮੁੱਦੇ `ਤੇ ਮੈਂਬਰ ਨੇ ਉਨ੍ਹਾਂ ਨੂੰ ਸਾਰੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਅਤੇ ਐਮ.ਸੀ. ਅਧਿਕਾਰੀਆਂ ਨੂੰ ਰਾਹਤ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ।
ਇਸ ਮੌਕੇ ਏਸੀਏ (ਗਮਾਡਾ) ਦਮਨ ਮਾਨ, ਜ਼ਿਲ੍ਹਾ ਭਲਾਈ ਅਫ਼ਸਰ ਰਵਿੰਦਰਪਾਲ ਸਿੰਘ ਸੰਧੂ, ਡੀਐਸਪੀ ਜਤਿੰਦਰਪਾਲ ਸਿੰਘ, ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਗੁਰਪ੍ਰਕਾਸ਼ ਸਿੰਘ, ਐਕਸੀਅਨ ਐਮਸੀ ਹਰਪ੍ਰੀਤ ਸਿੰਘ ਅਤੇ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਤੋਂ ਪਵਨ ਗੋਦਿਆਲ ਸ਼ਾਮਲ ਸਨ।
No comments:
Post a Comment