SBP GROUP

SBP GROUP

Search This Blog

Total Pageviews

ਸਿਹਤ ਮੰਤਰੀ ਸਿੱਧੂ ਵਲੋਂ ਬੱਚਿਆਂ ਦੇ ਪੇਟ ਦੇ ਕੀੜੇ ਖ਼ਤਮ ਕਰਨ ਲਈ ਸੂਬਾ ਪੱਧਰੀ ਮੁਹਿੰਮ ਦੀ ਸ਼ੁਰੂਆਤ

 ਐਸ.ਏ.ਐਸ ਨਗਰ, 25 ਅਗਸਤ : ਸਿਹਤ ਅਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਬੱਚਿਆਂ ਦੇ ਪੇਟ ਦੇ ਕੀੜਿਆਂ ਦੇ ਖ਼ਾਤਮੇ ਲਈ ਸਿਹਤ ਬਲਾਕ ਘੜੂੰਆਂ ਦੇ ਪਿੰਡ ਬਾਕਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਅੱਜ ਸੂਬਾ ਪੱਧਰੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਸ. ਸਿੱਧੂ ਨੇ ਦਸਿਆ ਕਿ ਇਸ ਮੁਹਿੰਮ ਤਹਿਤ 1 ਤੋਂ 19 ਸਾਲ ਦੀ ਉਮਰ ਦੇ ਬੱਚਿਆਂ ਨੂੰ ਅਲਬੈਂਡਾਜ਼ੋਲ ਦੀਆਂ ਗੋਲੀਆਂ ਖਵਾਈਆਂ ਜਾਣਗੀਆਂ ਜਿਹੜੀਆਂ ਬਿਲਕੁਲ ਮੁਫ਼ਤ ਦਿਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਅੱਜ 25 ਅਗੱਸਤ ਨੂੰ ਗੋਲੀ ਖਾਣ ਤੋਂ ਵਾਂਝੇ ਰਹਿ ਜਾਣਗੇ, ਉਨ੍ਹਾਂ ਲਈ 1 ਸਤੰਬਰ ਨੂੰ ਵੀ ‘ਮੌਪ ਅੱਪ ਡੇਅ’ ਤਹਿਤ ਇਹ ਮੁਹਿੰਮ ਚੱਲੇਗੀ। ਉਨ੍ਹਾਂ ਦਸਿਆ ਕਿ ਇਹ ਗੋਲੀ ਸੂਬਾ ਭਰ ਵਿਚ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿਚ ਸਿਹਤ ਕਾਮਿਆਂ ਦੁਆਰਾ ਦਿਤੀ ਜਾਵੇਗੀ ਤਾਕਿ ਉਨ੍ਹਾਂ ਦੇ ਪੇਟ ਦੇ ਕੀੜੇ ਖ਼ਤਮ ਹੋ ਜਾਣ।


       ਸਿਹਤ ਮੰਤਰੀ ਨੇ ਕਿਹਾ ਕਿ ਪੇਟ ਦੇ ਕੀੜਿਆਂ ਕਾਰਨ ਬੱਚੇ ਦਾ ਵਿਕਾਸ ਚੰਗੀ ਤਰ੍ਹਾਂ ਨਹੀਂ ਹੁੰਦਾ ਅਤੇ ਉਨ੍ਹਾਂ ਅੰਦਰ ਖ਼ੂਨ ਦੀ ਕਮੀ ਆ ਜਾਂਦੀ ਹੈ। ਉਨ੍ਹਾਂ ਐਲਬੈਂਡਾਜ਼ੋਲ ਗੋਲੀ ਦੇ ਫ਼ਾਇਦਿਆਂ ਬਾਰੇ ਦਸਦਿਆਂ ਕਿਹਾ ਕਿ ਇਸ ਨਾਲ ਪੇਟ ਦੇ ਕੀੜਿਆਂ ਤੋਂ ਮੁਕਤੀ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਗੋਲੀ ਖਾਣਾ ਖਾਣ ਪਿੱਛੋਂ ਹੀ ਖਾਈ ਜਾਵੇ ਅਤੇ ਇਸ ਨੂੰ ਚੱਬ ਕੇ ਖਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਗੋਲੀ ਦਾ ਕੋਈ ਵੀ ਦੁਰ-ਪ੍ਰਭਾਵ ਨਹੀਂ ਹੈ, ਇਸ ਲਈ 1 ਤੋਂ 19 ਸਾਲ ਦੇ ਹਰ ਬੱਚੇ ਨੂੰ ਇਹ ਗੋਲੀ ਜ਼ਰੂਰ ਖਾਣੀ ਚਾਹੀਦੀ ਹੈ। ਸ. ਸਿੱਧੂ ਨੇ ਸਕੂਲੀ ਬੱਚਿਆਂ ਨੂੰ ਪੇਟ ਦੇ ਕੀੜਿਆਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਸਬੰਧਤ ਵਿਭਾਗਾਂ ਨੂੰ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਅਤੇ ਆਮ ਲੋਕਾਂ ਨੂੰ ਇਸ ਕਾਰਜ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਕ ਤੋਂ ਦੋ ਸਾਲ ਦੇ ਬੱਚਿਆਂ ਨੂੰ ਪਾਣੀ ਨਾਲ ਅੱਧੀ ਗੋਲੀ (400 ਐਮਜੀ) ਖਵਾਈ ਜਾਵੇਗੀ ਜਦਕਿ ਦੋ ਸਾਲ ਤੋਂ ਉਪਰਲੇ ਬੱਚਿਆਂ ਨੂੰ ਚੱਬਣ ਲਈ ਪੂਰੀ ਗੋਲੀ ਦਿਤੀ ਜਾਵੇਗੀੇ।
        ਸਮਾਗਮ ਵਿਚ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਜੀ.ਬੀ. ਸਿੰਘ, ਡਾਇਰੈਕਟਰ ਪਰਵਾਰ ਭਲਾਈ ਡਾ. ਅੰਦੇਸ਼ ਕੰਗ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਸਹਾਇਕ ਡਾਇਰੈਕਟਰ ਡਾ. ਸੁਖਦੀਪ ਕੌਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਰਿੰਦਰ ਕੌਰ, ਡਾ. ਅਨਿਲ ਵਸ਼ਿਸ਼ਟ, ਹੈਲਥ ਐਜੂਕੇਟਰ ਸਨਿਗਦਾ ਅਤੇ ਹੋਰ ਸਟਾਫ਼ ਮੌਜੂਦ ਸੀ।
ਫ਼ੋਟੋ ਕੈਪਸ਼ਨ : ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਕੂਲ ਵਿਚ ਬੱਚੇ ਨੂੰ ਗੋਲੀ ਖਵਾਉਣ ਸਮੇਂ ਅਤੇ ਹੋਰ ਸਿਹਤ ਅਧਿਕਾਰੀ।

No comments:


Wikipedia

Search results

Powered By Blogger