ਐਸ.ਏ.ਐਸ. ਨਗਰ 17 ਸਤੰਬਰ : ਸਕੂਲ ਪੱਧਰ ਤੋਂ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਵਾਕੇ ਵਿਦਿਆਰਥੀਆਂ ਦੀ ਬੁਨਿਆਦ ਮਜ਼ਬੂਤ ਕਰਨ ਅਤੇ ਖੋਜ-ਸਵੈਰੋਜ਼ਗਾਰ ਦੇ ਖੇਤਰ ਸਬੰਧੀ ਮਾਰਗਦਰਸ਼ਨ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ ਵਿਚਾਲੇ ਸਮਝੌਤਾ ਸਹੀਬੱਧ ਕੀਤਾ ਗਿਆ। ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਅਤੇ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਵੱਲੋਂ ਸਮਝੌਤਾ ਪੱਤਰ ’ਤੇ ਦਸਤਖ਼ਤ ਕਰਕੇ ਅਕਾਦਮਿਕ ਸਾਂਝ ਪਾਈ ਗਈ। ਵਿਦਿਆਰਥੀਆਂ ਨੂੰ ਸਕੂਲ ਵੇਲੇ ਤੋਂ ਹੀ ਉਭਰਦੇ ਵਿਸ਼ਿਆਂ ਅਤੇ ਇੰਡਸਟਰੀ ਦੀਆਂ ਮੌਜੂਦਾ ਲੋੜਾਂ ਸਬੰਧੀ ਗਿਆਨ ਦਿੱਤਾ ਜਾਵੇਗਾ ਤਾਂ ਜੋ ਉਚੇਰੀ ਸਿੱਖਿਆ ’ਚ ਜਾਣ ਵੇਲੇ ਵਿਦਿਆਰਥੀਆਂ ਨੂੰ ਖੇਤਰ ਦੀ ਚੋਣ ਸਬੰਧੀ ਮੁਸ਼ਕਲਾਂ ਦਰਪੇਸ਼ ਨਾ ਆਉਣ। ਜਿਸ ਦੇ ਅੰਤਰਗਤ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਸਕੂਲ ਪ੍ਰਸ਼ਾਸਨ ਨੂੰ ਵਿਦਿਆਰਥੀ ਅਤੇ ਫੈਕਲਟੀ ਵਿਕਾਸ ਲਈ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਸਕੂਲੀ ਪੱਧਰ ’ਤੇ ਅਕਾਦਮਿਕ ਗਤੀਸ਼ੀਲਤਾ ਨੂੰ ਉਤਸ਼ਾਹਤ ਕਰਨ ਲਈ ਦੋਵਾਂ ਸੰਸਥਾਵਾਂ ਵਿਚਾਲੇ ਹੋਏ ਸਮਝੌਤੇ ਤਹਿਤ ਸੈਮੀਨਾਰਾਂ, ਵਰਕਸ਼ਾਪਾਂ, ਗੋਸ਼ਟੀਆਂ ਅਤੇ ਖੋਜ ਪ੍ਰਕਾਸ਼ਨਾਵਾਂ ਆਦਿ ਦੇ ਮਾਧਿਅਮ ਰਾਹੀਂ ਖੋਜ ਅਤੇ ਵਿਕਾਸ ਦੇ ਖੇਤਰ ’ਚ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ। ਵਿਦਿਆਰਥੀਆਂ ਨੂੰ ਉਦਯੋਗ ਦੀਆਂ ਮੌਜੂਦਾ ਜ਼ਰੂਰਤਾਂ ਅਨੁਸਾਰ ਤਿਆਰ ਕਰਨ ਲਈ ਉਭਰਦੀਆਂ ਤਕਨੀਕਾਂ ਬਾਬਤ ਸਿਖਲਾਈ ਦੇਣ ਲਈ ਹੁਨਰ ਵਿਕਾਸ ਪ੍ਰੋਗਰਾਮ ਉਲੀਕੇ ਜਾਣਗੇ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਅਧਿਆਪਕਾਂ ਦੇ ਹੁਨਰ-ਨਿਰਮਾਣ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ਸਕੂਲ ਪੱਧਰ ’ਤੇ ਵੱਖ-ਵੱਖ ਖੇਤਰਾਂ ’ਚ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਏ ਜਾਣਗੇ।
’ਵਰਸਿਟੀ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਉਦਯੋਗਿਕ ਦੌਰੇ ਕਰਵਾਏ ਜਾਣਗੇ, ਜੋ ਵਿਦਿਆਰਥੀਆਂ ’ਚ ਪੇਸ਼ੇਵਰ ਕਰੀਅਰ ਤਿਆਰ ਕਰਨ ਸਬੰਧੀ ਵਿਸ਼ਵਾਸ ਵਿਸ਼ਵਾਸ ਪੈਦਾ ਕਰਨਗੇ। ਇਸ ਤੋਂ ਇਲਾਵਾ ’ਵਰਸਿਟੀ ਵਿਖੇ ਸਥਾਪਿਤ ਕੀਤੀਆਂ ਅਤਿ-ਆਧੁਨਿਕ ਲੈਬਾਰਟਰੀਆਂ ਅਤੇ ਵਰਕਸ਼ਾਪਾਂ ’ਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੈਕਟੀਕਲ ਤਜ਼ਰਬੇ ਕਰਨ ਲਈ ਸਹਿਯੋਗ ਮੁਹੱਈਆ ਕਰਵਾਇਆ ਜਾਵੇਗਾ। ਉਭਰਦੇ ਖੇਤਰਾਂ ਅਤੇ ਇੰਡਸਟਰੀ ਦੀਆਂ ਮੌਜੂਦਾ ਲੋੜਾਂ ਅਤੇ ਤਕਨੀਕਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਗੈਸਟ ਲੈਕਚਰਾਂ ਦੇ ਆਯੋਜਨ ਕਰਵਾਇਆ ਜਾਵੇਗਾ, ਜਿਸ ’ਚ ਯੂਨੀਵਰਸਿਟੀ ਪ੍ਰੋਫੈਸਰ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੋਂ ਉਦਯੋਗਿਕ ਮਾਹਿਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਆਈ.ਟੀ ਅਤੇ ਈ.ਆਰ.ਪੀ ਸਹਾਇਤਾ ਪ੍ਰਦਾਨ ਕਰਵਾਕੇ ਤਕਨੀਕੀ ਪ੍ਰਣਾਲੀ ਵਿਕਸਤ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਕਰੀਅਰ ਕਾਊਂਸਲਿੰਗ ਸਬੰਧੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਅੰਤਰਰਾਸ਼ਟਰੀ ਪੱਧਰ ’ਤੇ ਕਰਵਾਏ ਜਾਂਦੇ ਕੋਰਸਾਂ ਅਤੇ ਸੰਭਾਵਨਾਵਾਂ ਬਾਰੇ ਸੈਮੀਨਾਰ ਅਤੇ ਵਰਕਸ਼ਾਪਾਂ ਉਲੀਕੀਆਂ ਜਾਣਗੀਆਂ ਜਦਕਿ ਬੀ.ਐਡ ਵਿਦਿਆਰਥੀਆਂ ਨੂੰ ਸਕੂਲ ’ਚ ਇੰਟਰਨਸ਼ਿਪ ਅਤੇ ਪਲੇਸਮੈਂਟ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ।
ਇਸ ਸਬੰਧੀ ਗੱਲਬਾਤ ਕਰਦਿਆਂ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਨੇ ਕਿਹਾ ਕਿ ਦੋਵਾਂ ਸੰਸਥਾਵਾਂ ਵਿਚਾਲੇ ਹੋਈ ਅਕਾਦਮਿਕ ਸਾਂਝ ਨਾਲ ਸਕੂਲ ਪੱਧਰ ’ਤੇ ਸਿੱਖਿਆ ਨੂੰ ਹੋਰ ਗੁਣਵੱਤਾਪੂਰਨ ਬਣਾਇਆ ਜਾਵੇਗਾ, ਜਿਸ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਦੌਰਾਨ ਹੀ ਇੰਡਸਟਰੀ ਦੀਆਂ ਮੌਜੂਦਾ ਜ਼ਰੂਰਤਾਂ ਅਨੁਸਾਰ ਤਿਆਰ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ 2005 ’ਚ ਸ਼ੁਰੂ ਹੋਏ ਕੈਂਬਰਿਜ਼ ਸਕੂਲ ਨੇ ਅਕਾਦਮਿਕ ਪੱਧਰ ਤੋਂ ਇਲਾਵਾ ਖੇਡਾਂ ਦੇ ਖੇਤਰ ’ਚ ਜ਼ਿਲ੍ਹਾ ਅਤੇ ਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਿਆ ਹੈ ਜਦਕਿ ‘ਬੇਟੀ ਬਚਾਓ ਬੇਟੀ ਪੜ੍ਹਾਓ’ ’ਚ ਵਧੀਆ ਕਾਰਜਾਂ ਅਤੇ ਸਾਫ਼-ਸਫ਼ਾਈ ਦੇ ਖੇਤਰ ’ਚ ਪੰਜਾਬ ਸਰਕਾਰ ਵੱਲੋਂ ਕਲੀਨਿੰਗ ਅਤੇ ਹਾਈਜੈਨਿਕ ਐਵਾਰਡ ਵੀ ਹਾਸਲ ਕੀਤਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸੰਸਥਾ ਹੋਣ ਦੇ ਨਾਤੇ ਸਾਡਾ ਫ਼ਰਜ਼ ਬਣਦਾ ਹੈ ਕਿ ਉਚੇਰੀ ਸਿੱਖਿਆ ਦੇ ਨਾਲ-ਨਾਲ ਸਕੂਲ ਪੱਧਰ ’ਤੇ ਵੀ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ ਜਾਵੇ ਤਾਂ ਜੋ ਭਵਿੱਖ ’ਚ ਕਿਸੇ ਵੀ ਖੇਤਰ ਦੀ ਚੋਣ ਕਰਨ ’ਚ ਵਿਦਿਆਰਥੀਆਂ ਨੂੰ ਚੁਣੌਤੀਆਂ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਕਿਹਾ ਕਿ ਸਕੂਲ ਪੱਧਰ ਤੋਂ ਹੀ ਖੋਜ ਅਤੇ ਤਕਨੀਕੀ ਖੇਤਰਾਂ ’ਚ ਵਿਦਿਆਰਥੀਆਂ ਦੀ ਬੁਨਿਆਦ ਮਜ਼ਬੂਤ ਕਰਨਾ ਸਮੇਂ ਦੀ ਮੰਗ ਹੈ, ਜਿਸ ਨਾਲ ਨਿਰਸੰਦੇਹ ਵਿਦਿਆਰਥੀ ਚੰਗੀ ਲੀਡਰਸ਼ਿਪ ਦੀ ਭਾਵਨਾ ਗ੍ਰਹਿਣ ਕਰਕੇ ਚੰਗੇ ਰਾਸ਼ਟਰ ਨਿਰਮਾਣ ’ਚ ਯੋਗਦਾਨ ਪਾਉਣਗੇ।
No comments:
Post a Comment