SBP GROUP

SBP GROUP

Search This Blog

Total Pageviews

ਹਰ ਘਰ ਦਸਤਕ’ ਮੁਹਿੰਮ ਤਹਿਤ ਸਿਵਲ ਸਰਜਨ ਵਲੋਂ ਜਾਗਰੂਕਤਾ ਵੈਨ ਰਵਾਨਾ

 ਐਸ.ਏ.ਐਸ ਨਗਰ,  7 ਦਸੰਬਰ :‘ਕੋਰੋਨਾ’ ਵਾਇਰਸ ਮਹਾਂਮਾਰੀ ਦੀ ਸੰਭਾਵੀ ਤੀਜੀ ਲਹਿਰ ਤੋਂ ਬਚਾਅ ਵਾਸਤੇ 100 ਫ਼ੀਸਦੀ ਟੀਕਾਕਰਨ ਯਕੀਨੀ ਬਣਾਉਣ ਦੇ ਮਕਸਦ ਨਾਲ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਪੰਜਾਬ ਸਰਕਾਰ ਦੁਆਰਾ ਚਲਾਈ ਗਈ ‘ਹਰ ਘਰ ਦਸਤਕ’ ਮੁਹਿੰਮ ਤਹਿਤ ਇਸ ਵੈਨ ਨੂੰ ਰਵਾਨਾ ਕੀਤਾ ਗਿਆ ਜਿਹੜੀ ਜ਼ਿਲ੍ਹੇ ਵਿਚ ਅਗਲੇ ਦਿਨਾਂ ਦੌਰਾਨ ਵੱਖ-ਵੱਖ ਥਾਵਾਂ ’ਤੇ ਜਾਵੇਗੀ। ਇਸ ਵੈਨ ਰਾਹੀਂ ਜਿਥੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਲੱਛਣਾਂ, ਸਾਵਧਾਨੀਆਂ ਅਤੇ ਬਚਾਅ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ, ਉਥੇ ਟੀਕਾਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ।


               ਸਿਵਲ ਸਰਜਨ ਨੇ ਦੱਸਿਆ ਕਿ ਜਾਗਰੂਕਤਾ ਵੈਨ ਦਾ ਮਕਸਦ ਇਹੋ ਹੈ ਕਿ ਜਿਹੜੇ ਲੋਕਾਂ ਨੇ ਹਾਲੇ ਤਕ ਕੋਵਿਡ-ਰੋਕੂ ਟੀਕਾ ਨਹੀਂ ਲਗਵਾਇਆ, ਉਹ ਛੇਤੀ ਟੀਕਾ ਲਗਵਾਉਣ ਅਤੇ ਜਿਨ੍ਹਾਂ ਨੇ ਦੂਜਾ ਟੀਕਾ ਨਹੀਂ ਲਗਵਾਇਆ, ਉਹ ਵੀ ਬਿਨਾਂ ਦੇਰ ਕੀਤਿਆਂ ਦੂਜਾ ਟੀਕਾ ਲਗਵਾਉਣ। ਉਨ੍ਹਾਂ ਕਿਹਾ ਕਿ ਜੇ ਦੂਜਾ ਟੀਕਾ ਤੈਅ ਸਮੇਂ ’ਤੇ ਨਹੀਂ ਲਗਵਾਇਆ ਜਾਂਦਾ ਤਾਂ ਪਹਿਲਾ ਟੀਕਾ ਲਗਵਾਉਣ ਦਾ ਕੋਈ ਫ਼ਾਇਦਾ ਨਹੀਂ। ਜਦ ਦੋਵੇਂ ਟੀਕੇ ਲੱਗ ਜਾਂਦੇ ਹਨ, ਤਦ ਹੀ ਸਰੀਰ ਅੰਦਰ ਕੋਰੋਨਾ ਮਹਾਂਮਾਰੀ ਨਾਲ ਲੜਨ ਦੀ ਤਾਕਤ ਪੂਰੀ ਤਰ੍ਹਾਂ ਪੈਦਾ ਹੁੰਦੀ ਹੈ। ਸਿਵਲ ਸਰਜਨ ਨੇ ਦਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਕੋਵਿਡ ਟੀਕਾਕਰਨ ਬਿਲਕੁਲ ਮੁਫ਼ਤ ਹੋ ਰਿਹਾ ਹੈ। ਲੋਕ ਬਿਨਾਂ ਕਿਸੇ ਅੜਚਨ ਟੀਕਾਕਰਨ ਕਰਵਾ ਸਕਦੇ ਹਨ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਕੋਵਿਡ-ਰੋਕੂ ਵੈਕਸੀਨ ਦੀ ਕੋਈ ਘਾਟ ਨਹੀਂ ਅਤੇ ਉਹ ਵੱਧ ਤੋਂ ਵੱਧ ਗਿਣਤੀ ਵਿਚ ਆ ਕੇ ਟੀਕਾ ਲਗਵਾਉਣ ਖ਼ਾਸਕਰ ਉਹ ਲੋਕ ਜਿਨ੍ਹਾਂ ਨੇ ਦੂਜਾ ਟੀਕਾ ਲਗਾਉਣ ਵਿਚ ਬਹੁਤ ਜ਼ਿਆਦਾ ਦੇਰ ਕਰ ਦਿਤੀ ਹੈ।
             ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ ਨੇ ਦਸਿਆ ਕਿ ਵੈਨ ਵਿਚ ਸਮੁੱਚੀ ਸੂਚਨਾ, ਸਿਖਿਆ ਅਤੇ ਸੰਚਾਰ (ਆਈ.ਈ.ਸੀ) ਸਮੱਗਰੀ ਮੁਹਈਆ ਕਰਵਾਈ ਗਈ ਹੈ ਅਤੇੇ ਐਲ.ਈ.ਡੀ. ਵੀ ਲਗਾਈ ਗਈ ਹੈ ਜਿਸ ਵਿਚ ਚੱਲਣ ਵਾਲੀ ਫ਼ਿਲਮ ਰਾਹੀਂ ਲੋਕਾਂ ਨੂੰ ਟੀਕਾਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਦੇ ਕਾਮੇ ਵੀ ਆਪੋ-ਅਪਣੇ ਇਲਾਕੇ ਵਿਚ ਵੱਖ ਵੱਖ ਸਾਧਨਾਂ ਰਾਹੀਂ ਲੋਕਾਂ ਨੂੰ ਇਸ ਬੀਮਾਰੀ ਅਤੇ ਟੀਕਾਕਰਨ ਬਾਬਤ ਲਗਾਤਾਰ ਜਾਗਰੂਕ ਕਰ ਰਹੇ ਹਨ।  ਸਿਹਤ ਸਬੰਧੀ ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਫ਼ੂਡ ਸੇਫ਼ਟੀ ਅਫ਼ਸਰ ਅਨਿਲ ਕੁਮਾਰ, ਲਵਪ੍ਰੀਤ ਸਿੰਘ, ਵਿਵੇਕ, ਪਰਮਜੀਤ ਸਿੰਘ, ਪਰਮਿੰਦਰ ਸਿੰਘ, ਭਿੰਦਰ ਕੌਰ, ਬੇਅੰਤ ਸਿੰਘ ਆਦਿ ਹਾਜ਼ਰ ਸਨ।

No comments:


Wikipedia

Search results

Powered By Blogger