ਅਮਰਗੜ੍ਹ (ਮਲੇਰਕੋਟਲਾ), 25 ਦਸੰਬਰ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਅਤੇ ਦਿੱਲੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਨੇ ਕਾਂਗਰਸ ਨੂੰ ਖਟਾਰਾ ਬੱਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਾਈਵੇਟ ਕੰਪਨੀ ਕਰਾਰ ਦਿੱਤਾ ਹੈ। ਜੈਨ ਨੇ ਕਿਹਾ ਕਿ ਕਾਂਗਰਸ 135 ਸਾਲ ਪੁਰਾਣੀ ਖਟਾਰਾ ਬੱਸ ਹੋ ਚੁੱਕੀ ਹੈ ਅਤੇ ਅਕਾਲੀ ਦਲ ਬਾਦਲ ਪਰਿਵਾਰ ਦੇ ਕਬਜ਼ੇ ਕਾਰਨ ਪ੍ਰਾਈਵੇਟ ਕੰਪਨੀ ਬਣ ਚੁੱਕਾ ਹੈ। ਰਾਜ ਅਤੇ ਦੇਸ਼ ਦੀ ਭਲਾਈ ਲਈ ਇਨ੍ਹਾਂ ਦੋਨਾਂ ਨੂੰ ਬਦਲਣਾ ਬੇਹੱਦ ਜ਼ਰੂਰੀ ਹੈ।
ਸ਼ਨੀਵਾਰ ਨੂੰ 'ਆਪ' ਨੇਤਾ ਜੈਨ ਨੇ ਅਮਰਗੜ੍ਹ ਤੇ ਆਸਪਾਸ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮਿਲੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ, ਤਾਂਕਿ 2022 ਵਿਧਾਨ ਸਭਾ ਲਈ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਉਨ੍ਹਾਂ ਦੀਆਂ ਮੰਗਾਂ ਸ਼ਾਮਲ ਕੀਤੀਆਂ ਜਾ ਸਕਣ। ਸਭਾ ਨੂੰ ਸੰਬੋਧਨ ਕਰਦਿਆਂ ਜੈਨ ਨੇ ਕਿਹਾ ਕਿ ਆਮ ਲੋਕਾਂ ਨੂੰ ਮੁਫ਼ਤ ਅਤੇ ਚੰਗੀਆਂ ਸਹੂਲਤਾਂ ਪ੍ਰਦਾਨ ਕਰਨਾ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦਾ ਅਰਥ ਸ਼ਾਸਤਰ ਹੈ। ਲੋਕਾਂ ਨੂੰ ਜੇ ਮੁਫ਼ਤ ਵਿੱਚ ਬਿਜਲੀ ਮਿਲੇਗੀ, ਪਾਣੀ ਮਿਲੇਗਾ, ਮੁਫ਼ਤ ਚੰਗੀ ਸਿੱਖਿਆ ਅਤੇ ਸਿਹਤ ਸੇਵਾਵਾਂ ਮਿਲਣਗੀਆਂ ਤਾਂ ਉਨ੍ਹਾਂ ਦੇ ਪੈਸੇ ਬਚਣਗੇ।
ਇਸ ਪੈਸੇ ਨਾਲ ਉਹ ਬਾਜ਼ਾਰ ਤੋਂ ਸਮਾਨ ਖ਼ਰੀਦਣਗੇ। ਫਿਰ ਮੰਗ ਵਧੇਗੀ। ਮੰਗ ਵਧੇਗੀ ਤਾਂ ਉਤਪਾਦਨ ਵੀ ਵਧੇਗਾ ਅਤੇ ਉਤਪਾਦਨ ਵਧੇਗਾ ਤਾਂ ਰੋਜ਼ਗਾਰ ਵੀ ਵਧੇਗਾ। ਕੇਜਰੀਵਾਲ ਦਾ ਅਰਥ ਸ਼ਾਸਤਰ ਸਮਝਣਾ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵੱਸ ਦੀ ਗੱਲ ਨਹੀਂ ਹੈ। ਜੈਨ ਨੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਾਲੀ ਦਲ ਅਤੇ ਕੈਪਟਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਹਰ ਮਹੀਨੇ ਦੀ 1 ਤੋਂ 7 ਤਰੀਕ ਤੱਕ ਦੁਕਾਨ 'ਤੇ ਹੀ ਬੈਠੇ ਰਹੇ। ਆਪ ਦੀ ਸਰਕਾਰ 18 ਸਾਲ ਤੋਂ ਉੱਪਰ ਦੀਆਂ ਸਾਰੀਆਂ ਔਰਤਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਭੱਤਾ ਦੇਵੇਗੀ। ਫਿਰ ਕਿਸੇ ਵੀ ਔਰਤ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਲਈ ਪੈਸੇ ਮੰਗਣ ਦੀ ਜ਼ਰੂਰਤ ਨਹੀਂ ਰਹਿ ਜਾਵੇਗੀ।
ਆਮ ਆਦਮੀ ਪਾਰਟੀ ਲਈ 2022 ਦੀਆਂ ਚੋਣਾ ਦਾ ਮਹੱਤਵ ਦੱਸਦੇ ਹੋਏ ਜੈਨ ਨੇ ਕਿਹਾ, ''ਪੰਜਾਬ ਸਾਡੇ ਲਈ 'ਗੇਟਵੇ ਆਫ਼ ਇੰਡੀਆ' ਹੈ। ਦਿੱਲੀ ਵਿੱਚ ਸਾਡੀ ਸਰਕਾਰ ਹੈ, ਪਰ ਦਿੱਲੀ ਪੂਰਾ ਰਾਜ ਨਹੀਂ ਹੈ। ਪੰਜਾਬ ਪੂਰਾ ਰਾਜ ਹੈ। ਇੱਥੇ ਸਾਨੂੰ ਕੰਮ ਕਰਨ ਦਾ ਪੂਰਾ ਮੌਕਾ ਮਿਲੇਗਾ। ਜੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਅਸੀਂ ਵਿਕਾਸ ਮੁਖੀ ਸ਼ਾਸਨ ਦੀ ਨਵੀਂ ਪਰਿਭਾਸ਼ਾ ਲਿਖਾਂਗੇ ਅਤੇ ਦੇਸ਼ ਦੀ ਰਾਜਨੀਤੀ ਵਿੱਚ 'ਕੰਮ ਦੀ ਰਾਜਨੀਤੀ' ਦਾ ਇੱਕ ਨਵਾਂ ਪੰਨਾ ਜੋੜਾਂਗੇ।''
ਜੈਨ ਨੇ ਕਿਹਾ ਕਿ ਰੋਜ਼ਗਾਰ ਪੈਦਾ ਕਰਨ ਵਾਲੇ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਸਹਾਇਤਾ ਦਿੰਦੀ ਹੈ, ਪਰ ਪੰਜਾਬ ਵਿੱਚ ਇਸ ਤੋਂ ਉਲਟ ਹੈ। ਪੰਜਾਬ ਦੇ ਸੱਤਾਧਾਰੀ ਆਗੂ, ਵਿਧਾਇਕ ਅਤੇ ਮੰਤਰੀ ਰੋਜ਼ਗਾਰ ਪੈਦਾ ਕਰਨ ਵਾਲੇ ਉਦਯੋਗਪਤੀਆਂ ਅਤੇ ਵਪਾਰੀਆਂ ਤੋਂ ਹਿੱਸਾ ਮੰਗਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦਾ ਬਜਟ 60 ਹਜ਼ਾਰ ਕਰੋੜ ਦਾ ਹੈ ਅਤੇ ਆਬਾਦੀ ਦੋ ਕਰੋੜ ਹੈ। ਜਦੋਂ ਕਿ ਪੰਜਾਬ ਦੀ ਆਬਾਦੀ 3 ਕਰੋੜ ਹੈ ਅਤੇ ਬਜਟ 1 ਲੱਖ 70 ਹਜ਼ਾਰ ਕਰੋੜ ਦਾ ਹੈ। ਫਿਰ ਵੀ ਅਕਾਲੀ, ਕਾਂਗਰਸ ਅਤੇ ਭਾਜਪਾ ਦੇ ਆਗੂ ਕਹਿੰਦੇ ਹਨ ਕਿ ਸਰਕਾਰੀ ਖ਼ਜ਼ਾਨਾ ਖ਼ਾਲੀ ਹੈ। ਦਰਅਸਲ, ਖ਼ਜ਼ਾਨਾ ਖ਼ਾਲੀ ਨਹੀਂ ਹੈ। ਇਨ੍ਹਾਂ ਭ੍ਰਿਸ਼ਟ ਆਗੂਆਂ ਦੀ ਨੀਅਤ ਵਿੱਚ ਭੁੱਖ ਹੈ, ਜਿਹੜੀ ਐਨੀ ਲੁੱਟ ਤੋਂ ਬਾਅਦ ਵੀ ਪੂਰੀ ਨਹੀਂ ਹੋ ਰਹੀ। ਜੇ ਇਨ੍ਹਾਂ ਦੀ ਨੀਅਤ ਅਤੇ ਨੀਤੀ ਚੰਗੀ ਹੁੰਦੀ ਤਾਂ ਅੱਜ ਖ਼ਜ਼ਾਨਾ ਖ਼ਾਲੀ ਨਾ ਹੁੰਦਾ। ਲੋਕਾਂ ਦੇ ਪੈਸੇ ਨਾਲ ਉਨ੍ਹਾਂ ਨੇ ਸਿਰਫ਼ ਆਪਣੀਆਂ ਜੇਬਾਂ ਭਰੀਆਂ ਹਨ। ਪੰਜਾਬ ਦੇ ਲੋਕ ਹੁਣ ਪ੍ਰੰਪਰਿਕ ਪਾਰਟੀਆਂ ਦੀ ਲੁੱਟ ਅਤੇ ਭ੍ਰਿਸ਼ਟਾਚਾਰ ਤੋਂ ਤੰਗ ਆ ਚੁੱਕੇ ਹਨ। ਅੱਜ ਪੰਜਾਬ ਦਾ ਹਰ ਆਦਮੀ ਬਦਲਾਅ ਚਾਹੁੰਦਾ ਹੈ।
ਜੈਨ ਨੇ ਕਿਹਾ ਕਿ ਸਿੱਖਿਆ ਅਤੇ ਇਲਾਜ ਨੂੰ ਆਮ ਆਦਮੀ ਪਾਰਟੀ ਨੇ ਹੀ ਦੇਸ਼ ਦਾ ਪ੍ਰਮੁੱਖ ਮੁੱਦਾ ਬਣਾਇਆ ਹੈ। ਅੱਜ ਸਿੱਖਿਆ ਅਤੇ ਇਲਾਜ ਨਾਲ ਜੁੜੀ ਖ਼ਬਰ ਦਿੱਲੀ ਸਰਕਾਰ ਦੇ ਕੰਮਾਂ ਕਰਕੇ ਅਖ਼ਬਾਰਾਂ ਦੇ ਪਹਿਲੇ ਪੰਨੇ 'ਤੇ ਛਪਦੀ ਹੈ। ਜਦੋਂ ਕਿ ਪਹਿਲਾਂ ਅਖ਼ਬਾਰਾਂ ਵਿੱਚ ਇਸ ਤਰਾਂ ਦੀਆਂ ਖ਼ਬਰਾਂ ਦਾ ਬਹੁਤ ਘੱਟ ਜ਼ਿਕਰ ਹੁੰਦਾ ਸੀ। ਉਨ੍ਹਾਂ ਕਿਹਾ ਕਿ ਆਪ ਆਗੂਆਂ ਦਾ ਕੋਈ ਰਾਜਨੀਤਿਕ ਪਿਛੋਕੜ ਨਹੀਂ ਹੈ। ਸਾਰੇ ਵਿਧਾਇਕ ਅਤੇ ਮੰਤਰੀ ਆਮ ਪਰਿਵਾਰਾਂ ਤੋਂ ਹਨ। ਇਸ ਲਈ ਉਹ ਆਮ ਲੋਕਾਂ ਦੇ ਦੁੱਖ ਭਲੀ-ਭਾਂਤੀ ਸਮਝਦੇ ਹਨ। ਜਦੋਂ ਕਿ ਪ੍ਰੰਪਰਿਕ ਰਾਜਨੀਤਿਕ ਪਾਰਟੀਆਂ ਦੇ ਵਿਧਾਇਕ ਅਤੇ ਮੰਤਰੀ ਬਾਹੂਬਲੀ ਦੀ ਤਰਾਂ ਵਰਤਾਓ ਕਰਦੇ ਹਨ। ਜੈਨ ਨੇ ਪੰਜਾਬ ਦੇ ਲੋਕਾਂ ਤੋਂ ਰਾਜ ਦੇ ਸੰਪੂਰਨ ਵਿਕਾਸ, ਸ਼ਾਂਤੀ ਅਤੇ ਸੁਰੱਖਿਆ ਲਈ 2022 ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣ ਦੀ ਅਪੀਲ ਕੀਤੀ। ਇਸ ਮੌਕੇ 'ਤੇ ਜੈਨ ਦੇ ਨਾਲ ਅਮਰਗੜ੍ਹ ਤੋਂ 'ਆਪ' ਉਮੀਦਵਾਰ ਜਸਵੰਤ ਸਿੰਘ ਗੱਜਣਮਾਜਰਾ ਅਤੇ ਹੋਰ ਆਗੂ ਮੌਜੂਦ ਸਨ।
No comments:
Post a Comment