SBP GROUP

SBP GROUP

Search This Blog

Total Pageviews

Sunday, December 5, 2021

ਮੈਨੂੰ ਕੋਈ ਖ਼ਰੀਦ ਨਹੀਂ ਸਕਦਾ ਕਿਉਂਕਿ ਮੈਂ ਮਿਸ਼ਨ 'ਤੇ ਹਾਂ, ਕਮਿਸ਼ਨ 'ਤੇ ਨਹੀਂ: ਭਗਵੰਤ ਮਾਨ

 ਚੰਡੀਗੜ੍ਹ, 05 ਦਸੰਬਰ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੱਡਾ ਖ਼ੁਲਾਸਾ ਕੀਤਾ ਹੈ ਕਿ ਚਾਰ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਇੱਕ ਬਹੁਤ ਵੱਡੇ ਆਗੂ ਨੇ ਉਨ੍ਹਾਂ (ਭਗਵੰਤ ਮਾਨ) ਨੂੰ ਫ਼ੋਨ ਕਰਕੇ ਪੁੱਛਿਆ ਸੀ ਕਿ ਭਾਜਪਾ ਵਿੱਚ ਸ਼ਾਮਲ ਹੋਣ ਦਾ ਕੀ ਲਵੋਂਗੇ? ਸਿੱਧੀ ਪੇਸ਼ਕਸ਼ ਕੀਤੀ ਸੀ ਕਿ ਪੈਸਾ ਲਾਉਂਗੇ ਜਾਂ ਕੋਈ ਅਹੁਦਾ ਲਉਂਗੇ?  ਇੱਥੋਂ ਤੱਕ ਕਿਹਾ ਕਿ ਇੱਕ ਵਾਰ ਹਾਂ ਕਰੋ, ਕੇਂਦਰ ਸਰਕਾਰ ਵਿੱਚ ਕੈਬਿਨਟ ਮੰਤਰੀ ਬਣਾਇਆ ਜਾਵੇਗਾ ਅਤੇ ਮਨਪਸੰਦ ਦਾ ਮੰਤਰਾਲਾ ਦਿੱਤਾ ਜਾਵੇਗਾ।
ਭਗਵੰਤ ਮਾਨ ਨੇ ਇਹ ਸਨਸਨੀਖ਼ੇਜ਼ ਖ਼ੁਲਾਸਾ ਐਤਵਾਰ ਨੂੰ ਪਾਰਟੀ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਕੀਤਾ। ਮਾਨ ਨੇ ਦੱਸਿਆ ਕਿ ਉਨ੍ਹਾਂ (ਮਾਨ ਨੇ) ਭਾਜਪਾ ਆਗੂ ਨੂੰ ਦੋ ਟੁੱਕ ਜਵਾਬ ਦਿੰਦਿਆਂ ਕਿਹਾ, ''ਮੈਂ ਮਿਸ਼ਨ 'ਤੇ ਹਾਂ, ਕਮਿਸ਼ਨ 'ਤੇ ਨਹੀਂ। ਮੇਰਾ ਮਿਸ਼ਨ ਪੰਜਾਬ ਨੂੰ ਖ਼ੁਸ਼ਹਾਲ, ਸ਼ਾਂਤਮਈ ਅਤੇ ਵਿਕਸਤ ਬਣਾਉਣਾ ਹੈ। ਮੈਂ ਭਾਜਪਾ ਦੀ ਕੁਰਸੀ ਨੂੰ ਲੱਤ ਮਾਰਦਾ ਹਾਂ।'' ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੇ ਪੈਸੇ ਕਮਾਉਣ ਦੇ ਕੈਰੀਅਰ ਨੂੰ ਛੱਡ ਕੇ ਪੰਜਾਬ ਦੀ ਸੇਵਾ ਵਿੱਚ ਆਏ ਹਨ। ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਲਈ ਹੀ ਉਨ੍ਹਾਂ ਆਮ ਆਦਮੀ ਪਾਰਟੀ (ਆਪ) ਦਾ ਬੂਟਾ ਪੰਜਾਬ ਵਿੱਚ ਲਾਇਆ ਅਤੇ ਇਸ ਬੂਟੇ ਨੂੰ ਆਪਣੇ ਖ਼ੂਨ- ਪਸੀਨੇ ਨਾਲ ਸਿੰਜਿਆਂ ਹੈ।



ਭਗਵੰਤ ਮਾਨ ਨੇ ਕਿਹਾ, ''ਪੰਜਾਬ ਦੇ ਲੋਕ ਮੇਰੇ 'ਤੇ ਵਿਸ਼ਵਾਸ ਕਰਦੇ ਹਨ। ਭਾਜਪਾ ਕੋਲ ਐਨੇ ਪੈਸੇ ਜਾਂ ਅਹੁਦੇ ਨਹੀਂ ਹਨ ਕਿ ਉਹ ਮਾਨ ਨੂੰ ਖ਼ਰੀਦ ਸਕੇ। ਅਸਲ 'ਚ ਭਾਜਪਾ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਖ਼ਰੀਦਣ ਦਾ ਯਤਨ ਕਰ ਰਹੀ ਹੈ। ਪਰ ਮੈਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਸੰਘਰਸ਼ ਕਰਦਾ ਰਹਾਂਗਾ।'' ਉਨ੍ਹਾਂ ਭਾਜਪਾ 'ਤੇ ਜੋੜ- ਤੋੜ, ਡਰਾਉਣ- ਧਮਕਾਉਣ ਅਤੇ ਖ਼ਰੀਦੋ- ਫ਼ਰੋਖ਼ਤ ਦੀ ਗੰਦੀ ਖੇਡ ਖੇਡਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਨੇ ਬੰਗਾਲ, ਗੋਆ, ਮੇਘਾਲਿਆ ਅਤੇ ਮੱਧ ਪ੍ਰਦੇਸ਼ ਸਮੇਤ ਵੱਖ- ਵੱਖ ਰਾਜਾਂ ਜੋੜ- ਤੋੜ ਕਰਕੇ ਹੀ ਸਰਕਾਰਾਂ ਬਣਾਈਆਂ ਸਨ, ਪਰ ਭਾਜਪਾ ਅਤੇ ਕੇਂਦਰ ਸਰਕਾਰ, ਸਰਕਾਰ ਦੀਆਂ ਏਜੰਸੀਆਂ ਨਾ ਤਾਂ ਭਗਵੰਤ ਮਾਨ ਨੂੰ ਖ਼ਰੀਦ ਸਕਦੀਆਂ ਹਨ ਅਤੇ ਨਾ ਹੀ ਡਰਾ - ਧਮਕਾ ਸਕਦੇ ਹਨ।
ਮਾਨ ਨੇ ਕਿਹਾ ਕਿ ਖ਼ਰੀਦੋ- ਫ਼ਰੋਖ਼ਤ ਉਨ੍ਹਾਂ ਦੀ ਹੁੰਦੀ ਹੈ ਜੋ ਮਾਰਕੀਟ (ਮੰਡੀ) 'ਚ ਹੁੰਦੇ ਹਨ। ਭਗਵੰਤ ਮਾਨ ਜਦ ਮਾਰਕੀਟ 'ਚ ਹੀ ਨਹੀਂ ਤਾਂ ਭਗਵੰਤ ਮਾਨ ਨੂੰ ਕੌਣ ਖ਼ਰੀਦ ਸਕਦਾ ਹੈ? ਉਨ੍ਹਾਂ ਕਿਹਾ ਕਿ ਭਾਜਪਾ ਵਰਗੀ ਪਾਰਟੀ 'ਚ ਜਾਣ ਦੀ ਥਾਂ ਭਗਵੰਤ ਮਾਨ ਜੇ ਅੱਜ ਦੋ ਰੋਟੀਆਂ ਖਾ ਕੇ ਗੁਜ਼ਾਰਾ ਕਰਦਾ ਹੈ ਤਾਂ ਇੱਕ ਜਾਂ ਅੱਧੀ ਰੋਟੀ ਨਾਲ ਵੀ ਗੁਜ਼ਾਰਾ ਕਰ ਲਵੇਗਾ, ਪ੍ਰੰਤੂ ਭਾਜਪਾ 'ਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ਼ ਵਿੱਚ ਭਾਜਪਾ ਨੂੰ ਜਵਾਬ ਦੇਣ ਲਈ ਉੱਘੇ ਸ਼ਾਇਰ ਗੁਰਭਜਨ ਗਿੱਲ ਦਾ ਸ਼ੇਅਰ ਸਾਂਝਾ ਕੀਤਾ, '' ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ। ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ। ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ।'' ਉਨ੍ਹਾਂ ਕਿਹਾ ਕਿ ਪੰਜਾਬ ਦੀ ਗਰਦਨ ਸਿੱਧੀ ਰੱਖਣ ਦਾ ਜਜ਼ਬਾ ਲੈ ਕੇ ਜੀਅ ਰਹੇ ਹਨ।
ਮਾਨ ਨੇ ਕਿਹਾ ਕਿ ਭਾਜਪਾ 700 ਕਿਸਾਨਾਂ ਨੂੰ ਮਾਰਨ ਵਾਲੀ ਪਾਰਟੀ ਅਤੇ ਸਰਕਾਰ ਹੈ। ਲਖੀਮਪੁਰ 'ਚ ਕਿਸਾਨਾਂ ਨੂੰ ਕੀੜੇ ਮਕੌੜਿਆਂ ਦੀ ਤਰਾਂ ਗੱਡੀ ਥੱਲੇ ਦੇ ਮਾਰਨ ਵਾਲੀ ਹੈ। ਪੂਰਾ ਇੱਕ ਸਾਲ ਕਿਸਾਨ ਅੰਦੋਲਨ ਦੀਆਂ ਉਨ੍ਹਾਂ (ਮਾਨ) ਦੀਆਂ  ਮਾਵਾਂ, ਭੈਣਾਂ, ਚਾਚੇ, ਤਾਇਆ, ਭਰਾਵਾਂ 'ਤੇ ਅੱਤਿਆਚਾਰ ਕਰਨ ਵਾਲੀ ਅਤੇ ਗੁੰਡੇ, ਮਵਾਲੀ, ਅੱਤਵਾਦੀ ਆਖਣ ਵਾਲੀ ਭਾਜਪਾ ਹੈ। ਇਸ ਲਈ ਭਾਜਪਾ 'ਆਪ' ਦੇ ਕਿਸੇ ਅਹੁਦੇਦਾਰ, ਵਰਕਰ ਨੂੰ ਖ਼ਰੀਦਣ ਦੀ ਕੋਸ਼ਿਸ਼ ਨਾ ਕਰੇ, ਭਗਵੰਤ ਮਾਨ ਨੂੰ ਖ਼ਰੀਦਣ ਦਾ ਭਰਮ ਹੀ ਮਨ ਵਿੱਚ ਕੱਢ ਦੇਵੇ।
ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਭਾਜਪਾ ਨੂੰ ਨਫ਼ਰਤ ਕਰਦੇ ਹਨ। ਭਾਜਪਾ ਦਾ ਤਾਂ ਪਹਿਲਾਂ ਹੀ ਪੰਜਾਬ 'ਚ ਆਧਾਰ ਨਹੀਂ ਸੀ, ਸਿਰਫ਼ 2- 4 ਐਮ.ਪੀ ਜਾਂ ਵਿਧਾਇਕਾਂ ਤੱਕ ਸੀਮਤ ਸੀ, ਹੁਣ ਤਾਂ ਭਾਜਪਾ ਦਾ ਕਿਤੇ ਵੀ ਨਾਮੋ- ਨਿਸ਼ਾਨ ਨਹੀਂ ਲੱਭਦਾ। ਮਾਰੂ ਨੀਤੀਆਂ ਕਰਕੇ ਵਪਾਰੀ, ਕਾਰੋਬਾਰੀ ਅਤੇ ਸ਼ਹਿਰੀ ਵੋਟਰ ਵੀ ਪ੍ਰਧਾਨ ਮੰਤਰੀ ਅਤੇ ਭਾਜਪਾ ਤੋਂ ਤੌਬਾ ਕਰ ਚੁੱਕੇ ਹਨ।
ਪੱਤਰਕਾਰਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਨਾਲ ਭਾਜਪਾ ਦੇ ਸਮਝੌਤੇ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਭਾਜਪਾ ਕੋਲ ਆਪਣਾ ਕੁੱਝ ਵੀ ਨਾ ਹੋਣ ਕਾਰਨ ਭਾਜਪਾ ਆਗੂ ਇੱਧਰ- ਉੱਧਰ ਹੱਥ- ਪੈਰ ਮਾਰ ਰਹੇ ਹਨ। ਪ੍ਰੰਤੂ ਜ਼ੀਰੋ ਕਿੰਨੀਆਂ ਵੀ ਹੋਰ ਜ਼ੀਰੋਆਂ ਕਿਉਂ ਨਾ ਜੁੜ ਜਾਣ, ਨਤੀਜਾ ਜ਼ੀਰੋ ਹੀ ਹੁੰਦਾ ਹੈ।
    

No comments:


Wikipedia

Search results

Powered By Blogger