ਮੋਹਾਲੀ, 09 ਜਨਵਰੀ : ਪੱਤਰਕਾਰਾਂ ਦੀ ਸਿਰਮੌਰ ਸੰਸਥਾ ਮੋਹਾਲੀ ਪ੍ਰੈਸ ਕਲੱਬ ਵੱਲੋਂ ਕਰਵਾਇਆ ਗਿਆ 15ਵਾਂ ‘ਧੀਆਂ ਦੀ ਲੋਹੜੀ’ ਸਭਿਆਚਾਰਕ ਮੇਲਾ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਪੰਜਾਬ ਦੇ ਨਾਮਵਰ ਕਲਾਕਾਰਾਂ ਨੇ ਅਪਣੀ ਕਲਾ ਦੇ ਜੌਹਰ ਦਿਖਾਉਦਿਆਂ ਵਿਲੱਖਣ ਤੇ ਅਮਿਟ ਛਾਪ ਛੱਡੀ। ਮੇਲੇ ਦੇ ਮੁੱਖ ਮਹਿਮਾਨ ਵਜੋਂ ਮੋਹਾਲੀ ਦੇ ਸਾਬਕਾ ਮੇਅਰ ਅਤੇ ਵਿਧਾਨ ਸਭਾ ਹਲਕਾ ਮੋਹਾਲੀ ਤੋਂ 'ਆਪ' ਉਮੀਦਵਾਰ ਸ. ਕੁਲਵੰਤ ਸਿੰਘ ਸ਼ਾਮਲ ਹੋਏ, ਜਦਕਿ ਸਮਾਜ ਸੇਵਿਕਾ ਜਗਜੀਤ ਕੌਰ ਕਾਹਲੋਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਭਾਵੇਂਕਿ ਤੇਜ਼ ਬਾਰਸ਼ ਅਤੇ ਖ਼ਰਾਬ ਮੌਸਮ ਕਾਰਨ ਕਾਫੀ ਦਿੱਕਤਾਂ ਆਈਆਂ ਪਰ ਦਰਸ਼ਕਾਂ ਦੀ ਭਰਵੀਂ ਹਾਜ਼ਰੀ ਅਤੇ ਜੋਸ਼ ਨੇ ਮੇਲੇ ਦੀ ਰੌਣਕ ਨੂੰ ਚਾਰ-ਚੰਨ ਲਾ ਦਿੱਤੇ।
ਇਸ ਮੌਕੇ 'ਆਪ' ਉਮੀਦਵਾਰ ਸ. ਕੁਲਵੰਤ ਸਿੰਘ ਵਲੋਂ ਮੋਹਾਲੀ ਪ੍ਰੈਸ ਕਲੱਬ ਦਾ ਨਵੇਂ ਸਾਲ ਦਾ ਕੈਲੰਡਰ ਅਤੇ ਸੋਵੀਨਾਰ ਰਲੀਜ਼ ਕੀਤਾ ਗਿਆ। ਉਹਨਾਂ ਇਸ ਮੌਕੇ ਬੋਲਦਿਆਂ ਮੋਹਾਲੀ ਪ੍ਰੈੱਸ ਕਲੱਬ ਦੀ ਪੂਰੀ ਟੀਮ ਨੂੰ ਇਸ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਮੋਹਾਲੀ ਪ੍ਰੈੱਸ ਕਲੱਬ ਪਿਛਲੇ ਲਗਾਤਾਰ14 ਸਾਲਾਂ ਤੋਂ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਔਰਤਾਂ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਖੜ੍ਹ ਕੇ ਕੰਮ ਕਰ ਰਹੀਆਂ ਹਨ ਬਲਕਿ ਕਈ ਖੇਤਰਾਂ ਵਿੱਚ ਮਰਦਾਂ ਨਾਲੋਂ ਵੀ ਅੱਗੇ ਨਿਕਲ ਗਈਆਂ ਹਨ। ਉਨ੍ਹਾਂ ਕਿਹਾ ਕਿ ਮਰਦ ਨੂੰ ਔਰਤ ਪ੍ਰਤੀ ਅਪਣੀ ਸੋਚ ਬਦਲਣ ਦੀ ਲੋੜ ਹੈ। ਇਸ ਮੌਕੇ ਸ. ਕੁਲਵੰਤ ਸਿੰਘ ਨੇ ਮੇਲੇ ਵਿਚ ਪੁੱਜੇ ਸਮੂਹ ਪੱਤਰਕਾਰ ਭਾਈਚਾਰੇ ਨਾਲ ਇਹ ਵਾਅਦਾ ਕੀਤਾ ਕਿ ਜੇਕਰ ਉਹਨਾਂ ਨੂੰ ਹਲਕੇ ਦੇ ਲੋਕਾਂ ਨੇ ਵਿਧਾਇਕ ਬਣਾਇਆ ਤਾਂ ਉਹ ਯਕੀਨਨ ਇਲਾਕੇ ਦੇ ਪੱਤਰਕਾਰ ਭਾਈਚਾਰੇ ਦੀ ਲੰਮੇ ਸਮੇਂ ਤੋਂ ਲਟਕਦੀ ਪ੍ਰੈਸ ਕਲੱਬ ਲਈ ਥਾਂ ਅਲਾਟ ਕਰਨ ਦੀ ਮੰਗ ਪੂਰੀ ਕਰਨਗੇ। ਉਹਨਾਂ ਕਿਹਾ ਕਿ ਪ੍ਰੈੱਸ ਕਲੱਬ ਜ਼ਰੂਰ ਬਣੇਗਾ ਭਾਵੇਂ ਮੈਂ ਸਰਕਾਰ ਤੋਂ ਬਣਾਵਾਂ ਜਾ ਆਪਣੇ ਕੋਲੋਂ।
ਇਸ ਤੋਂ ਪਹਿਲਾਂ ਮੋਹਾਲੀ ਪ੍ਰੈੱਸ ਕਲੱਬ ਵਲੋਂ ਪ੍ਰਧਾਨ ਸ. ਸੁਖਦੇਵ ਸਿੰਘ ਪਟਵਾਰੀ ਅਤੇ ਸਮੂਹ ਗਵਰਨਿੰਗ ਬਾਡੀ ਮੈਂਬਰਾਂ ਵਲੋਂ ਮੁੱਖ ਮਹਿਮਾਨ ਸ. ਕੁਲਵੰਤ ਸਿੰਘ ਦਾ ਮੇਲੇ ਵਿਚ ਪਹੁੰਚਣ ਅਤੇ ਕਲੱਬ ਦੀ ਮਾਲੀ ਮੱਦਦ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਦੌਰਾਨ ਲੋਹੜੀ ਬਾਲਣ ਦੀ ਰਸਮ ਉੱਘੀ ਸਮਾਜ ਸੇਵਿਕਾ ਸ੍ਰੀਮਤੀ ਜਗਜੀਤ ਕੌਰ ਕਾਹਲੋਂ ਵਲੋਂ ਨਿਭਾਈ ਗਈ। ਇਸ ਮੌਕੇ ਸਮੂਹ ਗਵਰਨਿੰਗ ਬਾਡੀ ਵਲੋਂ ਮੇਲੇ ਵਿਚ ਪਹੁੰਚਣ ਵਾਲੇ ਸਮੂਹ ਪੱਤਰਕਾਰ ਭਾਈਚਾਰੇ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਪ੍ਰੋਗਰਾਮ ਦਾ ਸ਼ੁਰੂਆਤ ਚਰਚਿਤ ਗਾਇਕ ਹਰਿੰਦਰ ਹਰ ਦੇ ਧਾਰਮਿਕ ਗੀਤ ਨਾਲ ਹੋਈ। ਉਹਨਾਂ ਤੋਂ ਬਾਅਦ ਗਾਇਕਾ ਰਾਹਤ ਗੁਰਮੀਤ, ਰਵਿੰਦਰ ਮੱਲ੍ਹਾ ਅਤੇ ਮਾਨ ਕੇ ਨੇ ਵੀ ਆਪਣੀ ਗਾਾਇਕੀ ਨਾਲ ਖ਼ੂਬ ਰੰਗ ਬੰਨ੍ਹਿਆ। ਗਾਇਕ ਮਨੀ ਔਜਲਾ ਵਲੋਂ ‘ਧੀਆਂ ਦੀ ਲੋਹੜੀ’ ਦੇ ਗੀਤ ਤੋਂ ਇਲਾਵਾ ਆਪਣੀ ਬੁਲੰਦ ਅਵਾਜ਼ ਵਿਚ ਸਦਾ ਬਹਾਰ ਗੀਤਾਂ ਰਾਹੀਂ ਮੇਲੇ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ। ਅਖ਼ੀਰ ਵਿਚ ਪੰਜਾਬੀ ਗਾਇਕੀ ਦੇ ਥੰਮ੍ਹ ਮੰਨੇ ਜਾਂਦੇ ਉੱਘੇ ਗਾਇਕ ਹਰਜੀਤ ਹਰਮਨ ਨੇ ਆਪਣੀ ਹਾਜ਼ਰੀ 'ਮਿੱਤਰਾਂ ਦਾ ਨਾਂ ਚੱਲਦਾ' ਅਤੇ ਆਪਣੇ ਹੋਰ ਗੀਤਾਂ ਰਾਹੀਂ ਮੇਲਾ ਹੀ ਲੁੱਟ ਲਿਆ। ਅਖ਼ੀਰ ਵਿਚ ਹਰਜੀਤ ਹਰਮਨ ਨੇ ਬੋਲੀਆਂ ਪਾ ਕੇ ਮੋਹਾਲੀ ਪ੍ਰੈਸ ਕਲੱਬ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਪ੍ਰੋਗਰਾਮ ਦੀ ਵਿਸ਼ੇਸਤਾ ਇਕ ਛੋਟੀ ਬੱਚੀ ਨੇ ਧੀਆਂ ਨੂੰ ਸਮਰਪਿਤ ਗੀਤ ਗਾ ਕੇ ਸਭ ਦੀ ਪ੍ਰਸੰਸਾ ਖੱਟੀ। ਸਟੇਜ਼ ਸਕੱਤਰ ਦੀ ਭੂਮਿਕਾ ਉੱਘੇ ਮੰਚ ਸੰਚਾਲਕ ਇਕਬਾਲ ਸਿੰਘ ਗੁੰਨੋਮਾਜਰਾ ਨੇ ਬਾਖ਼ੂਬੀ ਨਿਭਾਈ।
ਇਸ ਮੌਕੇ ਮੋਹਾਲੀ ਪ੍ਰੈੱਸ ਕਲੱਬ ਦੇ ਹਰ ਮੇਲੇ ਵਿੱਚ ਵਧੀਆ ਰੋਲ ਨਿਭਾਉਣ ਵਾਲੀ ਸੱਭਿਚਾਰਕ ਸ਼ਖ਼ਸੀਅਤ ਸ੍ਰੀ ਅਰੂਣ ਨਾਭਾ ਦੀ ਗੈਰਹਾਜਰੀ ਕਾਰਨ ਹਰ ਵਿਅਕਤੀ ਯਾਦ ਕਰਦਾ ਰਿਹਾ ਜੋ ਇੱਕ ਬੀਮਾਰੀ ਤੋਂ ਬਾਅਦ ਅਜੇ ਘਰ ਵਿੱਚ ਆਰਾਮ ਕਰਨ ਕਰਕੇ ਹਾਜ਼ਰ ਨਹੀਂ ਹੋ ਸਕੇ।
ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸ. ਸੁਖਦੇਵ ਸਿੰਘ ਪਟਵਾਰੀ ਤੋਂ ਇਲਾਵਾ ਜਨ. ਸਕੱਤਰ ਗੁਰਮੀਤ ਸਿੰਘ ਸ਼ਾਹੀ, ਸੀ. ਮੀਤ ਪ੍ਰਧਾਨ ਕੁਲਦੀਪ ਸਿੰਘ, ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ ਅਤੇ ਰਾਜੀਵ ਤਨੇਜਾ, ਜਥੇਬੰਦਕ ਸਕੱਤਰ ਨਾਹਰ ਸਿੰਘ ਧਾਲੀਵਾਲ ਅਤੇ ਬਲਜੀਤ ਮਰਵਾਹਾ , ਆਗਰੇਨਾਈਜ਼ਰ ਸਕੱਤਰ ਵਿਜੇ ਕੁਮਾਰ, ਕੈਸ਼ੀਅਰ ਰਾਜ ਕੁਮਾਰ ਅਰੋੜਾ ਸਮੇਤ ਨੇਹਾ ਵਰਮਾ, ਗੁਰਦੀਪ ਬੈਨੀਪਾਲ, ਗੁਰਜੀਤ ਬਿੱਲਾ, ਹਰਬੰਸ ਬਾਗੜੀ, ਭੁਪਿੰਦਰ ਬੱਬਰ, ਕੁਲਵੰਤ ਕੋਟਲੀ, ਕਿਰਪਾਲ ਸਿੰਘ,ਮਨਜੀਤ ਸਿੰਘ ਟਿਵਾਣਾ, ਕੁਲਵਿੰਦਰ ਬਾਵਾ, ਵਿਜੇਪਾਲ ਹਰਿੰਦਰ ਪਾਲ ਸਿੰਘ ਹੈਰੀ, ਅਮਰਜੀਤ ਸਿੰਘ, ਜੰਗ ਸਿੰਘ ਆਦਿ ਹਾਜ਼ਰ ਸਨ।
ਫੋਟੋ: ਮੋਹਾਲੀ ਪ੍ਰੈਸ ਕਲੱਬ ਧੀਆਂ ਦੀ ਲੋਹੜੀ ਦੀਆਂ ਵੱਖ ਵੱਖ ਦਿ੍ਰਸ਼।
No comments:
Post a Comment