ਚੰਡੀਗੜ੍ਹ, 09 ਜਨਵਰੀ (ਮਨਜੀਤ ਸਿੰਘ ਚਾਨਾ) : ਦਸਮ ਪਿਤਾ, ਬਾਦਸ਼ਾਹ ਦਰਵੇਸ਼, ਮਰਦ ਅਗੰਮੜਾ, ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਚੰਡੀਗੜ੍ਹ, ਪੰਜਾਬ, ਹਰਿਆਣਾ ਸਮੇਤ ਪੂਰੇ ਦੇਸ਼-ਵਿਦੇਸ਼ ਵਿਚ ਸਥਿਤ ਗੁਰਦੁਆਰਿਆਂ ਵਿਚ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਅਤੇ ਸ਼ਰਧਾਲੂਆਂ ਵਲੋਂ ਉਤਸ਼ਾਹ ਅਤੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਅੰਮਿ੍ਰਤ ਵੇਲੇ ਇਲਾਹੀ ਬਾਣੀ ਦੇ ਕੀਰਤਨ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸ਼ਹਿਰ ਵੱਖ-ਵੱਖ ਸੈਕਟਰਾਂ ਵਿਚ ਸਥਿਤ ਗੁਰਦੁਆਰਿਆਂ ਵਿਚ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਗਏ। ਰਾਤ ਤੋਂ ਹੀ ਗੁਰੂਧਾਮਾਂ ਨੂੰ ਰੰਗ-ਬਿਰੰਗੀਆਂ ਲੜੀਆਂ ਨਾਲ ਖੂਬ ਸਜਾਇਆ ਗਿਆ ਸੀ।
ਇਸੇ ਲੜੀ ਤਹਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ, ਸੈਕਟਰ 40 ਵਿਖੇ ਪ੍ਰਬੰਧਕ ਕਮੇਟੀ ਮੈਂਬਰਾਨ, ਸਮੂਹ ਇਲਾਕਾ ਨਿਵਾਸੀਆਂ ਅਤੇ ਸਿੱਖ ਸੰਗਤਾਂ ਵਲੋਂ ਦਸਮ ਪਿਤਾ ਦਾ ਪ੍ਰਕਾਸ਼ ਪੁਰਬ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਕੀਰਤਨੀ ਜੱਥਿਆਂ ਵਿਚ ਬੀਬੀ ਰਮਨਦੀਪ ਕੌਰ ਦੇ ਜੱਥੇ ਨੇ ਰਿਵਾਇਤੀ ਪੁਰਾਤਨ ਸਾਜਾਂ ਰਬਾਬ ਰਾਹੀਂ ਰੂਹ ਤੱਕ ਪਹੁੰਚਣ ਵਾਲੇ ਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਇਸੇ ਤਰ੍ਹਾਂ ਭਾਈ ਹਰਦੀਪ ਸਿੰਘ ਜੀ ਊਨਾ ਵਾਲਿਆਂ ਦੇ ਜੱਥੇ ਨੇ 'ਤਹੀ ਪ੍ਰਕਾਸ ਹਮਾਰਾ ਭਯੋ, ਪਟਨਾ ਸਹਰ ਬਿਖੈ ਭਵ ਲਯੋ', 'ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ' ਆਦਿ ਸ਼ਬਦਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਭਾਈ ਗੁਰਚਰਨ ਸਿੰਘ ਜੀ ਖਰੜ ਵਾਲੇ ਅਤੇ ਗਿਆਨੀ ਜਸਵਿੰਦਰ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਵੀ ਗੁਰੂ ਸਾਹਿਬ ਦੇ ਆਗਮਨ ਪੁਰਬ ਮੌਕੇ ਉਹਨਾਂ ਦੇ ਜੀਵਨ ਉਤੇ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ। ਇਸ ਸਮੇਂ ਹੈਡ ਗ੍ਰੰਥੀ ਤਰਲੋਚਨ ਸਿੰਘ ਜੀ ਵਲੋਂ ਕਥਾ ਰਾਹੀਂ ਅਤੇ ਮੀਤ ਗ੍ਰੰਥੀ ਰਜਿੰਦਰ ਸਿੰਘ ਵਲੋਂ ਕੀਰਤਨ ਦਰਬਾਰ ਉਪਰੰਤ ਅਰਦਾਸ ਕੀਤੀ ਗਈ ਜਦਕਿ ਮੀਤ ਗ੍ਰੰਥੀ ਭਾਈ ਹੀਰਾ ਸਿੰਘ ਵਲੋਂ ਗੁਰੂ ਸਾਹਿਬ ਦੇ ਪਵਿੱਤਰ ਹੁਕਮਨਾਮੇ ਰਾਹੀਂ ਸੰਗਤਾਂ ਦਾ ਜੀਵਨ ਸਫਲਾ ਕੀਤਾ। ਇਸੇ ਤਰ੍ਹਾਂ ਸ਼ਾਮ ਦੇ ਦੀਵਾਨਾਂ ਵਿਚ ਕਥਾਵਾਚਕਾਂ ਤੋਂ ਇਲਾਵਾ ਕੀਰਤਨੀਏ ਜੱਥੇ ਭਾਈ ਗੁਰਸੇਵਕ ਸਿੰਘ ਜੀ ਪਟਿਆਲੇ ਵਾਲਿਆਂ ਅਤੇ ਭਾਈ ਹਰਸ਼ਦੀਪ ਸਿੰਘ ਜੀ ਅੰਬਾਲੇ ਵਾਲਿਆਂ ਦੇ ਜੱਥਿਆਂ ਨੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ।
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਕ੍ਰਿਪਾਲ ਸਿੰਘ ਨੇ ਦਸਿਆ ਕਿ ਗੁਰਪੁਰਬ ਮੌਕੇ ਸੰਗਤਾਂ ਨੇ ਗੁਰਦੁਆਰਾ ਸਾਹਿਬ ਪੁੱਜ ਕੇ ਆਪਣੀਆਂ ਹਾਜ਼ਰੀਆਂ ਲਵਾਈਆਂ ਅਤੇ ਗੁਰੂ ਕੇ ਲੰਗਰਾਂ ਵਿਚ ਆਪਣਾ ਬਣਦਾ ਯੋਗਦਾਨ ਪਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਜਾਰਾ ਸਿੰਘ, ਜਨਰਲ ਸਕੱਤਰ ਜਸਪਾਲ ਸਿੰਘ, ਟਹਿਲ ਸਿੰਘ, ਕੁਲਮੀਤ ਸਿੰਘ ਸੋਢੀ ਆਦਿ ਸਮਾਗਮਾਂ ਦੌਰਾਨ ਵਿਸ਼ੇਸ਼ ਤੌਰ ਉਤੇ ਹਾਜ਼ਰ ਸਨ। ਇਸ ਸਮੇਂ 'ਸਿੱਖ ਏਕਤਾ ਵੈਲਫੇਅਰ' ਜਥੇਬੰਦੀ ਦੇ ਨੌਜਵਾਨਾਂ ਜਿਨ੍ਹਾਂ ਵਿਚ ਰਿੱਕੀ ਭਾਜੀ, ਪ੍ਰਭਜੋਤ ਸਿੰਘ, ਰੁਪਿੰਦਰਜੀਤ ਸਿੰਘ ਚਾਨਾ, ਜਸਕਰਨ ਸਿੰਘ, ਪ੍ਰਭਜੋਤ, ਤਾਜ਼ਵਿੰਦਰ, ਤਰਨਜੀਤ, ਬੱਬਲੂ ਆਦਿ ਵਲੋਂ ਗੁਰਦੁਆਰਾ ਸਾਹਿਬ ਦੀ ਰਾਤ ਤੋਂ ਹੀ ਬੜੇ ਹੀ ਸੋਹਣੇ ਢੰਗ ਨਾਲ ਸਜਾਵਟ ਕੀਤੀ ਗਈ ਸੀ। ਅਖ਼ੀਰ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਇਸੇ ਤਰ੍ਹਾਂ ਗੁਰਦੁਆਰਾ ਸਾਹਿਬ 34, 15, 19, 37, 38, 42, 22, 21 ਸਮੇਤ ਮੋਹਾਲੀ ਸਥਿਤ ਗੁ: ਅੰਬ ਸਾਹਿਬ, ਗੁ: ਸਿੰਘ ਸ਼ਹੀਦਾਂ ਆਦਿ ਵਿਚ ਪ੍ਰਸਿੱਧ ਰਾਗੀ ਜਥਿਆਂ, ਕਥਾਵਾਚਕਾਂ ਅਤੇ ਪ੍ਰਚਾਰਕਾਂ ਵੱਲੋਂ ਦਸਮ ਪਾਤਸ਼ਾਹ ਜੀ ਦੇ ਜੀਵਨ ਅਤੇ ਉਹਨਾਂ ਦੇ ਦਰਸਾਏ ਮਾਰਗ ਉਤੇ ਚੱਲਣ ਦੀ ਅਪੀਲ ਕੀਤੀ। ਇਸੇ ਤਰ੍ਹਾਂ ਗੁਰਦੁਆਰਾ ਨਾਢਾ ਸਾਹਿਬ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਮੱਥਾ ਟੇਕਿਆ ਅਤੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲਿਆ। ਇਸ ਮੌਕੇ ਗੁਰਦੁਆਰਾ ਸਾਹਿਬ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਲਾਈਟਾਂ ਆਦਿ ਨਾਲ ਸਜਾਇਆ ਗਿਆ ਸੀ।
No comments:
Post a Comment