ਚੰਡੀਗੜ੍ਹ, 13 ਮਈ, : ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਵੱਲੋਂ ਸਕੂਲਾਂ ਅੰਦਰ ਗਰਮੀਆਂ ਦੀਆਂ ਛੁੱਟੀਆਂ ਪਿਛਲੇ ਸਾਲਾਂ ਵਾਂਗ ਹੀ ਕਰਨ ਦੀ ਕੀਤੀ ਪੁਰਜ਼ੋਰ ਮੰਗ ਦੇ ਚੱਲਦਿਆਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਵੱਲੋਂ ਆਪਣੇ ਫ਼ੈਸਲੇ ਉੱਤੇ ਪੁਨਰ ਵਿਚਾਰ ਕਰਦਿਆਂ 15 ਮਈ ਤੋਂ 31 ਮਈ 2022 ਤੱਕ ਸੂਬੇ ਦੇ ਸਮੂਹ ਸਰਕਾਰੀ, ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਵਿੱਚ ਆਫਲਾਈਨ ਮੋਡ ਵਿੱਚ ਕਲਾਸਾਂ ਲੱਗਣਗੀਆਂ ਜਦੋਂਕਿ ਗਰਮੀਆਂ ਦਾ ਛੁੱਟੀਆਂ ਪਹਿਲੀ ਤੋਂ 30 ਜੂਨ ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਕਿ ਕੋਵਿਡ-19 ਮਹਾਂਮਾਰੀ ਕਾਰਨ 2 ਸਾਲ ਸਕੂਲਾਂ ਅੰਦਰ ਆਫਲਾਈਨ ਕਲਾਸਾਂ ਨਾ ਲੱਗਣ ਕਾਰਨ ਹੋਏ ਪੜ੍ਹਾਈ ਦੇ ਨੁਕਸਾਨ ਹੋਣ ਕਾਰਨ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਵਾਂਗ ਹੀ ਕਰੇ ਅਤੇ ਆਨਲਾਈਨ ਕਲਾਸਾਂ ਤੋਂ ਗੁਰੇਜ਼ ਕਰੇ। 15 ਮਈ ਤੋਂ 31 ਮਈ 2022 ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ 7 ਵਜੇ ਤੋਂ 11 ਵਜੇ ਅਤੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 7 ਵਜੇ ਤੋਂ 12.30 ਵਜੇ ਤੱਕ ਰਹੇਗਾ।
ਸ੍ਰੀ ਮੀਤ ਹੇਅਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਰੋਜ਼ਾਨਾ ਕੀਤੇ ਜਾ ਰਹੇ ਸਕੂਲੀ ਦੌਰਿਆਂ ਮੌਕੇ ਵੀ ਅਧਿਆਪਕਾਂ ਵੱਲੋਂ ਫੀਡਬੈਕ ਦਿੱਤੀ ਗਈ ਕਿ 31 ਮਈ ਤੱਕ ਸਕੂਲਾਂ ਵਿੱਚ ਇਸੇ ਤਰ੍ਹਾਂ ਪੜ੍ਹਾਈ ਚੱਲਦੀ ਰਹੇ। ਉਨ੍ਹਾਂ ਕਿਹਾ ਕਿ ਸਾਰਿਆਂ ਪਾਸਿਆਂ ਤੋਂ ਕੀਤੀ ਜਾ ਰਹੀ ਮੰਗ ਦੇ ਚੱਲਦਿਆਂ ਸਿੱਖਿਆ ਵਿਭਾਗ ਨੇ ਗਰਮੀਆਂ ਦੀਆਂ ਛੁੱਟੀਆਂ ਪਹਿਲੀ ਤੋਂ 30 ਜੂਨ ਤੱਕ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਇਹੋ ਕੋਸ਼ਿਸ਼ ਹੈ ਕਿ ਲੋਕਾਂ ਦੀ ਰਾਏ ਅਨੁਸਾਰ ਹੀ ਫ਼ੈਸਲੇ ਕੀਤੇ ਹਨ।
No comments:
Post a Comment