ਐਸ.ਏ.ਐਸ ਨਗਰ , 02 ਮਈ : ਡੇਂਗੂ
ਅਤੇ ਮਲੇਰੀਆ ਵਰਗੀਆ ਜਾਨ ਲੇਵਾ ਬੀਮਾਰੀਆਂ ਤੋਂ ਬਚਾਅ ਲਈ ਜ਼ਿਲ੍ਹਾ ਸਿਹਤ ਵਿਭਾਗ ਨੇ
ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦੇਣ
ਅਤੇ ਸਰੀਰ ਨੂੰ ਪੂਰੀ ਤਰ੍ਹਾਂ ਢਕਣ ਵਾਲੇ ਕੱਪੜੇ ਪਾਉਣ । ਸਿਵਲ ਸਰਜਨ ਡਾ.ਆਦਰਸ਼ਪਾਲ ਕੌਰ
ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ.ਅਕਸ਼ੇ ਕੁਮਾਰ ਨੇ ਪ੍ਰੈਸ ਨੋਟ ਰਾਹੀਂ ਕਿਹਾ ਕਿ ਇਸ
ਮਾਰੂ ਬੀਮਾਰੀ ਤੋਂ ਬਚਾਅ ਕਰਨ ਲਈ ਸਾਰਿਆਂ ਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ ਜੇ ਕਿਸੇ
ਕਾਰਨ ਡੇਂਗੂ ਜਾਂ ਮਲੇਰੀਆ ਬੁਖ਼ਾਰ ਹੋ ਜਾਂਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ । ਮਰੀਜ਼
ਨੂੰ ਸਰਕਾਰੀ ਸਿਹਤ ਸੰਸਥਾ ਵਿਚ ਲਿਆਂਦਾ ਜਾਵੇ ਜਿਥੇ ਡੇਂਗੂ ਅਤੇ ਮਲੇਰੀਆ ਦਾ ਟੈਸਟ ਅਤੇ
ਇਲਾਜ ਬਿਲਕੁਲ ਮੁਫ਼ਤ ਹੈ । ਉਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਡੇਂਗੂ ਅਤੇ
ਮਲੇਰੀਆ ਤੋਂ ਰੋਕਥਾਮ ਲਈ ਘਰ-ਘਰ ਸਰਵੇ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਜਾਗਰੂਕ ਵੀ ਕਰ
ਰਹੀਆਂ ਹਨ ਜੇ ਕਿਸੇ ਘਰ ਵਿਚ ਇਕੱਠਾ ਹੋਇਆ ਪਾਣੀ ਮਿਲਦਾ ਹੈ ਤਾਂ ਚਾਲਾਨ ਦੀ ਕਾਰਵਾਈ ਵੀ
ਕੀਤੀ ਜਾਂਦੀ ਹੈ ।
ਸਿਵਲ
ਸਰਜਨ ਨੇ ਆਖਿਆ ਕਿ ਡੇਂਗੂ ਬੁਖ਼ਾਰ ਹੋਣ ਤੇ ਆਮ ਤੌਰ ’ਤੇ ਪਲੇਟਲੈੱਟਸ ਘੱਟ ਜਾਂਦੇ ਹਨ
ਜਿਸ ਕਾਰਨ ਮਰੀਜ਼ ਘਬਰਾ ਜਾਂਦਾ ਹੈ । ਉਨਾਂ ਦੱਸਿਆ ਕਿ ਆਮ ਤੌਰ ’ਤੇ ਹਰ ਕਿਸਮ ਦੇ ਬੁਖ਼ਾਰ
ਦੌਰਾਨ ਸਰੀਰ ਵਿਚਲੇ ਪਲੇਟਲੈੱਟਸ ਘੱਟ ਜਾਂਦੇ ਹਨ। ਬੱਕਰੀ ਦਾ ਦੁੱਧ, ਕੀਵੀ ਫਲ ਜਾਂ
ਨਾਰੀਅਲ ਦਾ ਪਾਣੀ ਵਿਸ਼ੇਸ਼ ਤੌਰ ’ਤੇ ਪਲੇਟਲੈੱਟਸ ਵਧਾਉਣ ਵਿਚ ਸਹਾਈ ਨਹੀਂ ਹੁੰਦੇ । ਮਰੀਜ਼
ਨੂੰ ਚਾਹੀਦਾ ਹੈ ਕਿ ਉਹ ਤਰਲ ਪਦਾਰਥਾਂ ਜਿਵੇਂ ਪਾਣੀ, ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ
ਆਦਿ ਦਾ ਵੱਧ ਤੋਂ ਵੱਧ ਸੇਵਨ ਕਰੇ ਅਤੇ ਆਰਾਮ ਕਰੇ । ਰੋਜ਼ਾਨਾ ਘੱਟੋਂ-ਘੱਟ ਦੋ ਲੀਟਰ
ਪਾਣੀ ਦਾ ਸੇਵਨ ਕਰਨਾ ਆਮ ਤੰਦਰੁਸਤ ਵਿਅਕਤੀ ਲਈ ਵੀ ਫ਼ਾਇੰਦੇਮੰਦ ਹੁੰਦਾ ਹੈ । ਤਰਲ ਪਦਾਰਥ
ਜਿਥੇ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੋਣ ਦਿੰਦੇ, ਉਥੇ ਸਰੀਰ ਨੂੰ ਜ਼ਰੂਰੀ ਪੋਸ਼ਕ ਵੀ
ਦਿੰਦੇ ਹਨ।
ਸਿਵਲ
ਸਰਜਨ ਨੇ ਡੇਂਗੂ ਦੀ ਰੋਕਥਾਮ ਲਈ ਜ਼ਿਲ੍ਹਾ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ
ਕਿਹਾ ਕਿ ਲੋਕਾਂ ਦੀ ਮਦਦ ਨਾਲ ਹੀ ਜ਼ਿਲ੍ਹੇ ਨੂੰ ਡੇਂਗੂ-ਮੁਕਤ ਬਣਾਇਆ ਜਾ ਸਕਦਾ ਹੈ ।
ਉਨਾਂ ਕਿਹਾ ਕਿ ਡੇਂਗੂ ਦੀ ਬੀਮਾਰੀ ਨੂੰ ਸਭਨਾਂ ਦੇ ਸਾਥ ਤੇ ਸਹਿਯੋਗ ਨਾਲ ਹੀ ਕਾਬੂ ਕੀਤਾ
ਜਾ ਸਕਦਾ ਹੈ । ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104
’ਤੇ ਸੰਪਰਕ ਕੀਤਾ ਜਾ ਸਕਦਾ ਹੈ ।
*ਡੇਂਗੂ ਬੁਖ਼ਾਰ ਦੇ ਲੱਛਣ*
ਡੇਂਗੂ
ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ । ਡੇਂਗੂ ਦੇ
ਆਮ ਲੱਛਣਾਂ ਵਿਚ ਤੇਜ਼ ਸਿਰ ਦਰਦ ਅਤੇ ਤੇਜ਼ ਬੁਖ਼ਾਰ, ਮਾਸ ਪੇਸ਼ੀਆਂ ਅਤੇ ਜੋੜਾਂ ਵਿਚ ਦਰਦ,
ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ
ਵਿਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ । ਡੇਂਗੂ ਫੈਲਾਉਣ
ਵਾਲੇ ਮੱਛਰ ਖੜੇ ਸਾਫ਼ ਪਾਣੀ ਵਿਚ ਪਲਦੇ ਹਨ ਜਿਵੇਂ ਕੂਲਰ, ਪਾਣੀ ਦੀਆਂ ਟੈਕੀਆਂ, ਫੁੱਲਾਂ
ਦੇ ਗਮਲੇ, ਫ਼ਰਿੱਜਾਂ ਪਿੱਛੇ ਲੱਗੀ ਟਰੇਅ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਖ਼ਾਲੀ ਪਏ
ਟਾਇਰਾਂ ਅਤੇ ਪਾਣੀ ਵਾਲੇ ਡਰੱਮਾਂ ਆਦਿ ਵਿਚ ਵਿਚ ਪਾਣੀ ਨਾ ਖੜਾ ਹੋਣ ਦਿਤਾ ਜਾਵੇ ।
*ਮਲੇਰੀਆ ਬੁਖ਼ਾਰ ਦੇ ਲੱਛਣ*
ਮਲੇਰੀਆ
ਗੰਭੀਰ ਕਿਸਮ ਦਾ ਬੁਖਾਰ ਹੈ ਜੋ ਮਾਦਾ ਐਨਾਫ਼ਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ । ਇਹ
ਬੁਖ਼ਾਰ ਫੈਲਾਉਣ ਵਾਲਾ ਮੱਛਰ ਬਰਸਾਤ ਦੇ ਮੌਸਮ ਵਿਚ ਵਧਦਾ-ਫੁਲਦਾ ਹੈ । ਠੰਢ ਅਤੇ ਕਾਂਬੇ
ਨਾਲ ਰੋਜ਼ਾਨਾ ਜਾਂ ਤੀਜੇ ਦਿਨ ਬੁਖ਼ਾਰ ਹੋਣਾ, ਉਲਟੀਆਂ ਤੇ ਸਿਰ ਦਰਦ ਹੋਣਾ, ਬੁਖ਼ਾਰ ਉਤਰਨ
ਮਗਰੋਂ ਥਕਾਵਟ ਤੇ ਕਮਜ਼ੋਰੀ ਹੋਣਾ, ਬੁਖ਼ਾਰ ਉਤਰਨ’ਤੇ ਸਰੀਰ ਦਾ ਪਸੀਨੋ-ਪਸੀਨੀ ਹੋਣਾ ਆਦਿ
ਮਲੇਰੀਆ ਦੇ ਮੁੱਖ ਲੱਛਣ ਹਨ । ਖ਼ੂਨ ਦੀ ਜਾਂਚ ਕਰਵਾਉਣ ’ਤੇ ਮਲੇਰੀਆ ਹੋਣ ਜਾਂ ਨਾ ਹੋਣ
ਬਾਰੇ ਪਤਾ ਲੱਗ ਜਾਂਦਾ ਹੈ । ਜੇ ਮਲੇਰੀਆ ਨਿਕਲਦਾ ਹੈ ਤਾਂ ਇਸ ਦਾ ਇਲਾਜ ਸੰਭਵ ਹੈ ।
ਪਾਣੀ ਕਿਸੇ ਵੀ ਥਾਂ ਇਕੱਠਾ ਨਾ ਹੋਣ ਦਿਤਾ ਜਾਵੇ । ਇਕੱਠੇ ਹੋਏ ਪਾਣੀ ਵਿਚ ਕਾਲਾ ਤੇਲ
ਪਾਇਆ ਜਾਵੇ ਅਤੇ ਛੱਤ ’ਤੇ ਲੱਗੀਆਂ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰਖਿਆ ਜਾਵੇ। ਰਾਤ
ਨੂੰ ਸੌਣ ਸਮੇਂ ਮੱਛਰ ਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਦੀ ਵਰਤੋਂ ਕੀਤੀ
ਜਾਵੇ ।
No comments:
Post a Comment