ਜਾਅਲੀ ਆਫਰ ਲੈਟਰ ਅਤੇ ਵੀਜ਼ੇ ਲਵਾ ਕੇ ਵਿਦਿਆਰਥੀਆਂ ਤੋਂ 30 ਤੋਂ 35 ਲੱਖ ਰੁਪਏ ਲੈਣ ਦਾ ਦੋਸ਼
ਮੋਹਾਲੀ, 16 ਮਈ : ਪੰਜਾਬ ਦੇ ਵਿਦਿਆਰਥੀ ਰੁਜ਼ਗਾਰ, ਉਚੇਰੀ ਸਿੱਖਿਆ ਅਤੇ ਸੁਨਹਿਰੇ ਭਵਿੱਖ ਲਈ ਜਿਥੇ ਅੱਜ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਹਨ, ਉਥੇ ਨਾਲ ਹੀ ਸੂਬੇ ਵਿਚ ਬੈਠੇ ਠੱਗ ਟਰੈਵਲ ਏਜੰਟ ਪੁਲਿਸ ਦੀ ਕਥਿਤ ਮਿਲੀਭੁਗਤ ਨਾਲ ਭੋਲੇ ਭਾਲੇ ਲੋਕਾਂ ਨੂੰ ਸ਼ਰੇਆਮ ਕਰੋੜਾਂ ਰੁਪਿਆਂ ਦਾ ਚੂਨਾ ਲਾ ਕੇ ਲੁੱਟ ਰਹੇ ਹਨ। ਅਜਿਹਾ ਹੀ ਇਕ ਮਾਮਲਾ ਮੋਹਾਲੀ ਸ਼ਹਿਰ ਵਿਚ ਸਾਹਮਣੇ ਆਇਆ ਹੈ।
ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਸਮਾਜ ਸੇਵੀ ਸਤਨਾਮ ਸਿੰਘ ਦਾਊਂ ਅਤੇ ਐਡਵੋਕੇਟ ਤਜਿੰਦਰ ਸਿੱਧੂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੀੜਤ ਵਿਦਿਆਰਥੀਆਂ ਨਿਕਿਤਾ ਕੌਸ਼ਿਕ (ਪੰਚਕੂਲਾ) ਤੋਂ 23 ਲੱਖ ਰੁ:, ਬਲਕਾਰ ਸਿੰਘ ਅਤੇ ਗੁਰਪ੍ਰੀਤ ਸਿੰਘ (ਬਠਿੰਡਾ) ਤੋਂ 22 ਅਤੇ 11 ਲੱਖ ਰੁ:, ਅਭਿਰਾਜ ਅਤੇ ਗਗਨਪ੍ਰੀਤ (ਸਕੇਤੜੀ) ਤੋਂ 28 ਅਤੇ 22 ਲੱਖ ਰੁ: , ਤਨਜੀਤ ਸਿੰਘ (ਲੁਧਿਆਣਾ) ਤੋਂ 12 ਲੱਖ ਰੁ:, ਹਨੀਸ਼ਾ ਨੋਟਾ (ਦਿੱਲੀ) ਤੋਂ 14 ਲੱਖ ਰੁ:, ਜਸਕਰਨ ਸਿੰਘ (ਤਰਨ ਤਾਰਨ) ਤੋਂ 18 ਲੱਖ ਰੁ: ਅਤੇ ਸੁਖਨੀਤ ਸਿੰਘ (ਕੁਰਾਲੀ) ਤੋਂ 8.5 ਲੱਖ ਰੁ: ਮੋਹਾਲੀ ਸ਼ਹਿਰ ਦਾ ਟਰੈਵਲ ਏਜੰਟ ਗੁਰਦੀਪ ਸਿੰਘ ਸੱਗੂ ਮੰਡੀ ਗੋਬਿੰਦਗੜ ਜੋ ਕਿ ਗੈਵੀ ਸੱਗੂ ਅਤੇ ਰਾਹੁਲ ਧੀਮਾਨ ਦੇ ਨਾਂ ਨਾਲ ਗਾਇਕੀ ਅਤੇ ਮਾਡ�ਿਗ ਦਾ ਕੰਮ ਵੀ ਕਰਦਾ ਹੈ, ਠੱਗ ਚੁੱਕਾ ਹੈ। ਇਸ ਟਰੈਵਲ ਏਜੰਟ ਨੇ ਆਪਣੀ ਫਰੰਟੀਅਰ ਰੂਟਜ਼ ਨਾਮ ਦੀ ਇਕ ਇੰਮੀਗਰੇਸ਼ਨ ਕੰਪਨੀ ਖੋਲ ਕੇ ਅਨੇਕਾਂ ਭੋਲੇ-ਭਾਲੇ ਵਿਦਿਆਰਥੀਆਂ ਤੋਂ ਵਿਦੇਸ਼ਾਂ ਦੀ ਚਕਾਚੌਂਧ ਦੇ ਸੁਪਨੇ ਦਿਖਾ ਕੇ ਅਤੇ ਜਾਅਲੀ ਵੀਜ਼ੇ ਲਾ ਕੇ ਕਰੋੜਾਂ ਰੁਪਏ ਗਬਨ ਕਰ ਚੁੱਕਿਆ ਹੈ। ਪਰ ਜਦੋਂ ਪੀੜਤ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਖੁਦ ਜਾਲ ਵਿਛਾ ਕੇ ਉਕਤ ਕੰਪਨੀ ਦੀ ਇਕ ਹਿੱਸੇਦਾਰ ਹਰਪ੍ਰੀਤ ਨਿੱਜਰ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਅਤੇ ਪਰਚਾ ਦਰਜ ਕਰਵਾਇਆ। ਉਹਨਾਂ ਕਿਹਾ ਕਿ ਉਕਤ ਟਰੈਵਲ ਏਜੰਟ ਗੈਵੀ ਸੱਗੂ ਸਮੇਤ ਸਾਥੀਆਂ ਵਿਰੁੱਧ ਐਫ.ਆਈ.ਆਰ. 61, 62, 80, 81, ਫੇਜ਼-1, ਮੋਹਾਲੀ ਵਿਖੇ ਦਰਜ ਹੋ ਚੁੱਕੀ ਹੈ, ਪਰ ਪੁਲਿਸ ਕਥਿਤ ਰਾਜਨੀਤਕ ਦਬਾਅ ਹੇਠ ਇਨਾਂ ਵਿਰੁੱਧ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਹੀ ਹੈ ਅਤੇ ਪੁਲਿਸ ਥਾਣੇ ਵਿਚ ਵੀਆਈਪੀ ਟਰੀਟਮੈਂਟ ਦੇ ਰਹੀ ਹੈ, ਨਾ ਹੀ ਅਸਲ ਠੱਗ ਗੈਵੀ ਸੱਗੂ ਅਤੇ ਸਾਥੀਆਂ ਦੀ ਕੋਈ ਗਿ੍ਰਫ਼ਤਾਰੀ ਕੀਤੀ ਹੈ। ਉਹਨਾਂ ਅੱਗੇ ਕਿਹਾ ਕਿ ਹੁਣ ਤੱਕ ਉਕਤ ਇੰਮੀਗਰੇਸ਼ਨ ਕੰਪਨੀ ਖਿਲਾਫ਼ ਉਹਨਾਂ ਕੋਲ ਜਾਅਲਸਾਜ਼ੀ ਦੇ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨਾਂ ਵਿਚ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ ਅਤੇ ਇਨਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ।
ਉਕਤ ਆਗੂਆਂ ਨੇ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਇਨਾਂ ਮਾਮਲਿਆਂ ਦੀ ਉਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਪੁਲਿਸ ਥਾਣਿਆਂ ਵਿਚ ਲੰਮੇ ਸਮੇਂ ਤੋਂ ਬੈਠੇ ਪੁਰਾਣੇ ਸਟਾਫ ਦੀ ਵੀ ਬਦਲੀਆਂ ਜ਼ਿਲਾ ਮੋਹਾਲੀ ਤੋਂ ਬਾਹਰ ਕੀਤੀਆਂ ਜਾਣ ਤਾਂ ਜੋ ਹੇਠਲੇ ਪੱਧਰ ’ਤੇ ਕੀਤੀ ਜਾ ਰਹੀ ਕਥਿਤ ਘਪਲੇਬਾਜ਼ੀ ਨੂੰ ਨੱਥ ਪਾਈ ਜਾ ਸਕੇ।
ਐਸ.ਪੀ. ਸਿਟੀ ਦਾ ਬਿਆਨ: ਇਸ ਮਾਮਲੇ ਬਾਬਤ ਜਦੋਂ ਐਸ.ਪੀ. ਸਿਟੀ ਜਗਵਿੰਦਰ ਚੀਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਵਿਚ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਮੁਜਰਮ ਦੀ ਭਾਲ ਜਾਰੀ ਹੈ। ਸਾਡੀ ਪੁਲਿਸ ਟੀਮ ਜਲਦ ਹੀ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਵੇਗੀ।
No comments:
Post a Comment