ਐਸ ਏ ਐਸ ਨਗਰ, 17 ਮਈ : ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਤੈਨਾਤ ਸੀਨੀਅਰ ਮੈਡੀਕਲ ਅਫ਼ਸਰਾਂ ਸਮੇਤ ਤਮਾਮ ਡਾਕਟਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਕੋਈ ਵੀ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰਦਾ ਮਿਲਿਆ ਤਾਂ ਉਸ ਵਿਰੁਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਹਸਪਤਾਲ ਵਿਚ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਆਖਿਆ ਕਿ ਸਰਕਾਰੀ ਡਾਕਟਰਾਂ ਦੁਆਰਾ ਪ੍ਰਾਈਵੇਟ ਪ੍ਰੈਕਟਿਸ ਕਰਨਾ ਵਿਭਾਗੀ ਨਿਯਮਾਂ ਦੇ ਖ਼ਿਲਾਫ਼ ਹੈ। ਜੇ ਕੋਈ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰਦਾ ਹੈ ਤਾਂ ਉਹ ਨਾਲੋ-ਨਾਲ ਸਰਕਾਰੀ ਡਾਕਟਰ ਵਜੋਂ ਨੌਕਰੀ ਨਹੀਂ ਕਰ ਸਕਦਾ।
ਉਨ੍ਹਾਂ ਕਿਹਾ, ‘ਜ਼ਿਲ੍ਹੇ ਦੇ ਸਰਕਾਰੀ ਡਾਕਟਰ ਜਾਂ ਤਾਂ ਸਰਕਾਰੀ ਨੌਕਰੀ ਕਰਨ ਜਾਂ ਫਿਰ ਨਿਜੀ ਪ੍ਰੈਕਟਿਸ। ਦੋਹਾਂ ਵਿਚੋਂ ਇਕ ਦੀ ਚੋਣ ਕਰਨੀ ਪਵੇਗੀ।’ ਉਨ੍ਹਾਂ ਕਿਹਾ ਕਿ ਕੋਈ ਸ਼ੱਕ ਨਹੀਂ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਤੈਨਾਤ ਡਾਕਟਰ ਪੂਰੀ ਮਿਹਨਤ ਅਤੇ ਲਗਨ ਨਾਲ ਸਿਹਤ ਸੇਵਾਵਾਂ ਦੇ ਰਹੇ ਹਨ ਪਰ ਸਰਕਾਰੀ ਡਾਕਟਰ ਦੁਆਰਾ ਕੀਤੀ ਜਾ ਰਹੀ ਨਿਜੀ ਪ੍ਰੈਕਟਿਸ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਸੁਭਾਵਕ ਹੈ ਕਿ ਜਿਹੜਾ ਸਰਕਾਰੀ ਡਾਕਟਰ ਨਿਜੀ ਪ੍ਰੈਕਟਿਸ ਵੀ ਕਰੇਗਾ, ਉਹ ਅਪਣੇ ਸਰਕਾਰੀ ਕਾਰਜ ਨੂੰ ਚੋਖਾ ਸਮਾਂ ਅਤੇ ਊਰਜਾ ਨਹੀਂ ਦੇ ਸਕੇਗਾ ਕਿਉਂਕਿ ਉਸ ਦਾ ਬਹੁਤਾ ਧਿਆਨ ਅਪਣੇ ਨਿਜੀ ਕੰਮ ਵਲ ਹੋਵੇਗਾ।
ਸਿਵਲ ਸਰਜਨ ਨੇ ਕਿਹਾ ਕਿ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਡਾ. ਵਿਜੇ ਸਿੰਗਲਾ ਦੀਆਂ ਸਖ਼ਤ ਹਦਾਇਤਾਂ ਹਨ ਕਿ ਨਿਜੀ ਪ੍ਰੈਕਟਿਸ ਕਰਨ ਵਾਲੇ ਸਰਕਾਰੀ ਡਾਕਟਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਾ ਜਾਵੇ ਕਿਉਂਕਿ ਅਜਿਹੇ ਡਾਕਟਰ ਸਰਕਾਰੀ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਦੇ ਨਾਲ-ਨਾਲ ਅਪਣੇ ਪਵਿੱਤਰ ਕਿੱਤੇ ਨਾਲ ਵੀ ਇਨਸਾਫ਼ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸਰਕਾਰੀ ਡਾਕਟਰ ਦਾ ਫ਼ਰਜ਼ ਬਣਦਾ ਹੈ ਕਿ ਉਹ ਸਰਕਾਰੀ ਸਿਹਤ ਸੰਸਥਾ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਪੂਰਾ ਸਮਾਂ ਦੇਵੇ ਅਤੇ ਪੂਰੀ ਸੰਜੀਦਗੀ, ਹਲੀਮੀ ਤੇ ਪਿਆਰ ਨਾਲ ਉਨ੍ਹਾਂ ਦਾ ਇਲਾਜ ਕਰਨ ’ਚ ਅਪਣਾ ਯੋਗਦਾਨ ਪਾਵੇ। ਸਿਵਲ ਸਰਜਨ ਨੇ ਕਿਹਾ ਕਿ ਡਾਕਟਰੀ ਪਵਿੱਤਰ ਪੇਸ਼ਾ ਹੈ ਅਤੇ ਸਰਕਾਰੀ ਡਾਕਟਰਾਂ ਨੂੰ ਇਸ ਪੇਸ਼ੇ ਦੀ ਮਾਣ-ਮਰਿਆਦਾ ਤੇ ਪਵਿੱਤਰਤਾ ਕਾਇਮ ਰਖਣੀ ਚਾਹੀਦੀ ਹੈ। ਉਨ੍ਹਾਂ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਦੇ ਮੁਖੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਅਜਿਹਾ ਕੋਈ ਡਾਕਟਰ ਨਾ ਹੋਵੇ ਅਤੇ ਜੇ ਉਨ੍ਹਾਂ ਦੇ ਧਿਆਨ ਵਿਚ ਅਜਿਹਾ ਕੋਈ ਮਾਮਲਾ ਆਉਂਦਾ ਹੈ ਤਾਂ ਅਪਣੇ ਪੱਧਰ ’ਤੇ ਵਿਭਾਗੀ ਕਾਰਵਾਈ ਕਰਨ ਦੇ ਨਾਲ-ਨਾਲ ਤੁਰੰਤ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇ।
No comments:
Post a Comment