ਐੱਸ.ਏ.ਐੱਸ. ਨਗਰ, 15 ਮਈ : ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਵੱਲੋਂ ਅੱਠਵੀਂ ਸ੍ਰੇਣੀ ਦੇ ਵਿਦਿਆਰਥੀਆਂ ਲਈ ਕਰਵਾਈ ਗਈ ਪੀ.ਐੱਸ.ਟੀ.ਐੱਸ.ਈ. ਅਤੇ ਐੱਨ.ਐੱਨ.ਐੱਮ.ਐੱਸ. ਦੀ ਵਜ਼ੀਫਾ ਮੁਕਾਬਲਾ ਪ੍ਰੀਖਿਆ ਵਿੱਚ 44282 ਵਿਦਿਆਰਥੀ ਅਪੀਅਰ ਹੋਏ। ਇਸ ਦਾਖਲਾ ਪ੍ਰੀਖਿਆ ਵਿੱਚ 88.1 ਫੀਸਦੀ ਵਿਦਿਆਰਥੀਆਂ ਦੀ ਹਾਜ਼ਰੀ ਦਰਜ ਕੀਤੀ ਗਈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਅੱਠਵੀਂ ਦੇ ਵਿਦਿਆਰਥੀਆਂ ਲਈ ਇਸ ਸਾਲ ਪੀ.ਐੱਸ.ਟੀ.ਐੱਸ.ਈ. ਅਤੇ ਐੱਨ.ਐੱਨ.ਐੱਮ.ਐੱਸ. ਦੀ ਸਾਂਝੀ ਵਜ਼ੀਫਾ ਮੁਕਾਬਲਾ ਪ੍ਰੀਖਿਆ ਆਯੋਜਿਤ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਲੋਕਲ ਬਾਡੀਜ਼ ਸਰਕਾਰ ਦੇ ਸਕੂਲਾਂ ਦੇ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਵਿੱਚੋਂ ਇਸ ਵਜ਼ੀਫਾ ਮੁਕਾਬਲਾ ਪ੍ਰੀਖਿਆ ਦੀ ਨਿਰਧਾਰਿਤ ਮੈਰਿਟ ਅਤੇ ਪੱਧਤੀ ਅਨੁਸਾਰ 2210 ਵਿਦਿਆਰਥੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਣਾ ਹੈ। ਭਾਵ ਕੇ ਇਸ ਵਜ਼ੀਫਾ ਮੁਕਾਬਲਾ ਪ੍ਰੀਖਿਆ ਰਾਹੀਂ ਸਫ਼ਲ ਹੋ ਕੇ ਚੁਣੇ ਜਾਣ ਵਾਲੇ ਹਰੇਕ ਵਿਦਿਆਰਥੀ ਨੂੰ ਬਾਰ੍ਹਵੀਂ ਜਮਾਤ ਤੱਕ 48000 ਰੁਪਏ ਦੀ ਵਜ਼ੀਫਾ ਰਾਸ਼ੀ ਮਿਲੇਗੀ।
ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਐੱਸ.ਟੀ.ਐੱਸ.ਈ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਇਸ ਵਜ਼ੀਫਾ ਮੁਕਾਬਲਾ ਪ੍ਰੀਖਿਆ ਵਿੱਚ ਸਫ਼ਲ ਹੋ ਕੇ ਮੈਰਿਟ ਅਤੇ ਪੱਧਤੀ ਅਨੁਸਾਰ ਚੁਣੇ ਜਾਣ ਵਾਲੇ 500 ਵਿਦਿਆਰਥੀਆਂ ਨੂੰ 200 ਰੁਪਏ ਪ੍ਰਤੀ ਮਹੀਨਾ ਮਿਲੇਗਾ। ਚੁਣੇ ਹੋਏ ਹਰੇਕ ਵਿਦਿਆਰਥੀ ਨੂੰ ਬਾਰ੍ਹਵੀਂ ਜਮਾਤ ਤੱਕ 9600 ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਮਿਲੇਗੀ।
ਉਹਨਾਂ ਦੱਸਿਆ ਕਿ ਇਸ ਵਾਰ ਕੁੱਲ 50152 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਅਤੇ ਇਸ ਵਿੱਚੋਂ 44282 ਵਿਦਿਆਰਥੀ ਇਸ ਮੁਕਾਬਲਾ ਪ੍ਰੀਖਿਆ ਵਿੱਚ ਅਪੀਅਰ ਹੋਏ। ਉਹਨਾਂ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਮੁੱਖ ਦਫ਼ਤਰ ਵਿੱਚ ਨਿਯੁਕਤ ਸੀਮਾ ਖੇੜਾ ਅਤੇ ਰੁਮਕੀਤ ਕੌਰ ਦੀ ਇਸ ਪ੍ਰੀਖਿਆ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਣ ਲਈ ਪ੍ਰਸੰਸਾ ਕੀਤੀ। ਉਹਨਾਂ ਕਿਹਾ ਇਸਦੇ ਨਾਲ ਹੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਸਿੱਖਿਆ ਅਤੇ ਐਲੀਮੈਂਟਰੀ ਸਿੱਖਿਆ ਨੇ ਜ਼ਿਲਿ੍ਹਆਂ ਵਿੱਚ ਡਾਇਟ ਪ੍ਰਿੰਸੀਪਲਾਂ, ਸਕੂਲ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਵੱਖ-ਵੱਖ ਕਾਡਰ ਦੇ ਅਧਿਆਪਕਾਂ ਅਤੇ ਜ਼ਿਲ੍ਹਾ ਮੀਡੀਆ ਟੀਮਾਂ ਦੇ ਭਰਪੂਰ ਸਹਿਯੋਗ ਲਈ ਸਭਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਇੱਕ ਟੀਮ ਵਰਕ ਸੀ ਜਿਸ ਨੂੰ ਸਫ਼ਲਤਾਪੂਰਵਕ ਕਰ ਲਿਆ ਗਿਆ ਹੈ। ਉਹਨਾਂ ਇਸ ਪ੍ਰਖਿਆ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਦੀ ਵੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੂੰ ਨਿਰੰਤਰ ਭਾਗ ਲੈਂਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਭਵਿੱਖ ਦੀਆਂ ਮੁਕਾਬਲਾ ਪ੍ਰੀਖਿਆਵਾਂ ਦੀ ਵੀ ਤਿਆਰੀ ਹੁੰਦੀ ਰਹਿੰਦੀ ਹੈ।
No comments:
Post a Comment