ਐਸ.ਏ.ਐਸ.ਨਗਰ, 05 ਅਗਸਤ : ਖੇਤੀ ਵਿੱਚ ਵਿਭਿੰਨਤਾ ਲਿਆਉਣ ਅਤੇ ਪਾਣੀ ਦੀ ਬੱਚਤ ਲਈ ਝੋਨੇ ਹੇਠੋਂ ਰਕਬਾ ਘਟਾਉਣ ਲਈ ਕੰਢੀ ਖੇਤਰ ਵਿੱਚ ਨਰਮੇ-ਕਪਾਹ ਦੀ ਕਾਸ਼ਤ ਨੂੰ ਤਰਜੀਹ ਦੇਣੀ ਚਾਹੀਦੀ ਹੈ ਇਹ ਜਾਣਕਾਰੀ ਡਾ. ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ ਨਗਰ ਨੇ ਪਿੰਡ ਫਤੇਹਪੁਰ ਟੱਪਰੀਆ ਵਿਖੇ ਨਰਮੇ ਦੀ ਫਸਲ ਦਾ ਨਿਰੀਖਣ ਕਰਦੇ ਹੋਏ ਦਿੱਤੀ।
ਸ੍ਰੀ ਰਾਜਿੰਦਰ ਸਿੰਘ ਸੇਖੋਂ ਵੱਲੋ ਬੀਜੇ 25 ਏਕੜ ਨਰਮੇ ਦੀ ਫਸਲ ਦਾ ਨਿਰੀਖਣ ਕਰਦੇ ਹੋਏ ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ਤੇ ਤੇਲੇ ਅਤੇ ਚਿੱਟੀ ਮੱਖੀ ਦਾ ਹਮਲਾ ਵੇਖਣ ਨੂੰ ਮਿਲਿਆ ਹੈ। ਨਰਮੇ ਦੀ ਫਸਲ ਦਾ ਨਿਰੀਖਣ ਕਰਦੇ ਹੋਏ ਡਾ. ਗੁਰਬਚਨ ਸਿੰਘ ਖੇਤੀਬਾੜੀ ਅਫਸਰ ਬਲਾਕ ਮਾਜਰੀ ਨੇ ਦੱਸਿਆ ਕਿ ਤੇਲਾ ਅਤੇ ਚਿੱਟੀ ਮੱਖੀ ਦੇ ਕੀੜੇ ਪੱਤਿਆ ਦੇ ਹੇਠਲੇ ਪਾਸੇ ਚਿਪਕੇ ਰਹਿੰਦੇ ਹਨ ਅਤੇ ਬੈਠਕੇ ਰਸ ਚੂਸਦੇ ਨਜਰ ਆਉਂਦੇ ਹਨ। ਇਨ੍ਹਾਂ ਦੀ ਰੋਕਥਾਮ ਲਈ 80 ਗ੍ਰਾਮ ਉਲਾਲਾ 50 ਡਬਲਯੂ ਜੀ ਜਾਂ 60 ਗ੍ਰਾਮ ਉਸ਼ੀਨ 20 ਐਸ ਜੀ ਦਵਾਈ ਦਾ ਘੋਲ ਬਣਾਕੇ 125-150 ਲੀਟਰ ਪਾਣੀ ਵਿੱਚ ਮਿਲਾਕੇ ਛਿੜਕਾਅ ਕੀਤਾ ਜਾਵੇ। ਇਸ ਮੌਕੇ ਡਾ. ਗੁਰਦਿਆਲ ਕੁਮਾਰ ਅਤੇ ਗੁਰਪ੍ਰੀਤ ਸਿੰਘ ਏ.ਡੀ.ੳ ਨੇ ਦੱਸਿਆ ਕਿ ਆਮ ਤੌਰ ਤੇ ਨਰਮੇ ਦੇ ਝਾੜ ਘੱਟਣ ਦੇ ਮੁੱਖ ਕਾਰਨ ਕਿਸਾਨਾਂ ਨੂੰ ਸੁਧਰੀਆ ਕਿਸਮਾਂ, ਕੀੜੇ/ ਬਿਮਾਰੀਆਂ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਸਹੀ ਜਾਣਕਾਰੀ ਨਾ ਹੋਣਾ ਹੈ । ਇਸ ਲਈ ਕਿਸਾਨ ਵੀਰ ਫਸਲਾਂ ਦਾ ਵਧੇਰੇ ਝਾੜ ਲੈਣ ਲਈ ਤਕਨੀਕੀ ਅਤੇ ਕਾਸ਼ਤਕਾਰੀ ਢੰਗਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਜਰੂਰ ਰੱਖਣ। ਇਸ ਮੌਕੇ ਕਿਸਾਨ ਅਤੇ ਵਿਭਾਗ ਦੇ ਸਵਿੰਦਰ ਕੁਮਾਰ ਏ.ਟੀ.ਐਮ ਹਾਜ਼ਰ ਸਨ।
No comments:
Post a Comment