ਐਸ.ਏ.ਐਸ. ਨਗਰ 05 ਅਗਸਤ : ਪਲਾਸਟਿਕ ਦੀ ਵਰਤੋਂ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੂਬਾ ਪੱਧਰੀ ਮੁਹਿੰਮ ਦੇ ਤਹਿਤ ਅੱਜ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਵਿਸ਼ੇਸ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਨਅਤਕਾਰ , ਐਨ.ਜ਼ੀ.ਓਜ਼ , ਸਿਆਸੀ ਆਗੂ, ਸਕੂਲੀ ਬੱਚੇ ਅਤੇ ਆਮ ਪਬਲਿਕ ਸ਼ਿਰਕਤ ਕੀਤੀ ਗਈ। ਇਹ ਸਮਾਗਮ ਕਿਸਾਨ ਵਿਕਾਸ ਚੈਂਬਰ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਹਾਜ਼ਰ ਵਿਅਕਤੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕੀਤੇ ਜਾਣ ਸਬੰਧੀ ਸਹੁੰ ਚੁਕਾਈ ਗਈ।
ਇਹ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਰਾਜ ਭਰ ਵਿੱਚ “ਸਿੰਗਲ ਯੂਜ਼ ਪਲਾਸਟਿਕ” ਦੀ ਵਰਤੋਂ ਨਾ ਕਰਨ ਅਤੇ ਇਸ ਤੇ ਲੱਗੀ ਪਾਬੰਦੀ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਅੱਜ ਦੇ ਸਮਾਗਮ ਦੌਰਾਨ ਆਪਣੇ ਸੰਬੋਧਨ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਦੱਸਿਆ ਕਿ ਸਰਕਾਰ ਨੇ 1 ਜੁਲਾਈ 2022 ਤੋਂ ਸੂਬੇ ਭਰ ਵਿੱਚ 19 ਕਿਸਮ ਦੀਆਂ ਪਲਾਸਟਿਕ ਵਸਤਾਂ ਦੇ ਉਤਪਾਦਨ, ਸਟਾਕ ਕਰਨ ਅਤੇ ਵਿਕਰੀ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਭਾਵੇਂ ਕਾਨੂੰਨ ਮੁਤਾਬਿਕ “ਸਿੰਗਲ ਯੂਜ਼ ਪਲਾਸਟਿਕ” ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੱਟੇ ਜਾ ਰਹੇ ਅਤੇ ਜੁਰਮਾਨੇ ਲਾਏ ਜਾ ਰਹੇ ਹਨ ਪਰ ਇਹ ਮਿਸ਼ਨ ਉਸ ਸਮੇਂ ਹੀ ਸਾਰਥਿਕ ਹੋ ਸਕੇਗਾ ਜਦੋਂ ਲੋਕ ਆਪਣੇ ਸਮਾਜਿਕ ਫਰਜ਼ ਨੂੰ ਪਛਾਣਉਂਦੇ ਹੋਏ ਇਸ ਕਾਰਜ ਲਈ ਸਰਕਾਰ ਦਾ ਸਾਥ ਦੇਣ। ਉਨ੍ਹਾਂ ਦੱਸਿਆ ਕਿ ਪਲਾਸਟਿਕ ਦੀ ਵਰਤੋਂ ਰੋਕਣ ਲਈ ਲੋਕ ਲਹਿਰ ਪੈਂਦਾ ਕਰਨ ਦੀ ਲੋੜ ਹੈ ਤਾਂ ਜੋ ਲੋਕ ਸੁਚੇਤ ਹੋ ਕੇ ਆਪ ਮੁਹਾਰੇ ਵਾਤਾਵਰਣ ਦੀ ਰਾਖੀ ਲਈ ਅੱਗੇ ਆਉਣ, ਉਨ੍ਹਾਂ ਦੱਸਿਆ ਕਿ ਕੋਈ ਸਮਾਂ ਹੁੰਦਾ ਸੀ ਅਸੀਂ ਪੋਲੀਥੀਨ ਦੀ ਥੈਲਿਆਂ ਦੀ ਬਜਾਏ ਘਰ ਤੋਂ ਕੱਪੜੇ ਦਾ ਥੈਲਾ ਲੈ ਕੇ ਬਜ਼ਾਰ ਵਿਚੋਂ ਸਮਾਨ ਖਰੀਦਣ ਜਾਂਦੇ ਸਨ, ਪਰ ਹੁਣ ਭਾਵੇਂ ਸਰਕਾਰ ਵੱਲੋਂ ਪਲਾਸਟਿਕ ਦੀਆਂ ਵਸਤਾਂ ਤੇ ਪਾਬੰਦੀ ਹੈ ਪਰ ਅਸੀਂ ਚੋਰੀ ਛਿੱਪੇ ਉਨ੍ਹਾਂ ਦੇ ਇਸ ਸਮਾਨ ਤੋਂ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ 19 ਪਲਾਸਟਿਕ ਵਸਤਾਂ ਤੇ ਪਾਬੰਦੀ ਲਗਾਈ ਗਈ ਹੈ ਇਹ ਪਲਾਸਟਿਕ ਜੈਵਿਕ ਤੌਰ ਤੇ ਗਲਣਸ਼ੀਲ ਨਹੀਂ ਹੈ ਅਤੇ ਸਾਡੇ ਮਨੁੱਖੀ ਜੀਵਨ , ਬਨਸਪਤੀ ਅਤੇ ਜੰਗਲੀ ਜੀਵਨ ਲਈ ਖਤਰਾ ਬਣ ਰਹੀ ਹੈ। ਉਨ੍ਹਾਂ ਦੱਸਿਆ ਕਿ ਥਾ-ਥਾਂ ਖਿਲਰੇ ਪੋਲੀਥੀਨ ਦੇ ਲਿਫਾਫੇ ਜਿੱਥੇ ਵਾਤਾਵਰਣ ਨੂੰ ਦੂਸ਼ਿਤ ਕਰਦੇ ਹਨ ਉਥੇ ਨਾਲ ਹੀ ਪਸ਼ੂਆਂ ਦੇ ਅੰਦਰ ਜਾਣ ਨਾਲ ਪਸ਼ੂਧਨ ਲਈ ਬਿਮਾਰੀ ਅਤੇ ਮੌਤ ਦਾ ਕਾਰਨ ਵੀ ਬਣਦੇ ਹਨ । ਉਨ੍ਹਾਂ ਇਸ ਮੌਕੇ ਇੱਕ ਪੇਸ਼ਕਾਰੀ ਵੀ ਦਿੱਤੀ ਜਿਸ ਵਿੱਚ ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਕਿਹੜੀਆਂ ਪਲਾਸਟਿਕ ਦੀਆਂ ਵਸਤਾਂ ਤੇ ਉਪਰ ਪਾਬੰਦੀ ਹੈ ਅਤੇ ਸਰਕਾਰ ਵੱਲੋਂ ਕਾਨੂੰਨ ਨੂੰ ਲਾਗੂ ਕਰਨ ਲਈ ਕਿ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ. ਨਗਰ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਵੱਖ ਵੱਖ ਥਾਵਾਂ ਜਿਵੇਂ ਸਬਜ਼ੀ ਮੰਡੀ , ਮਾਲਜ਼ ਅਤੇ ਦੁਕਾਨਾਂ ਆਦਿ ਦੀ ਅਚਨਚੇਤ ਚੈਕਿੰਗ ਕਰ ਰਹੀਆਂ ਹਨ ਅਤੇ ਜੇਕਰ ਕੋਈ ਵਿਅਕਤੀ ਇਨ੍ਹਾਂ ਪਾਬੰਦੀਸ਼ੁਦਾ ਵਸਤਾਂ ਦੀ ਵਰਤੋਂ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਪਣੀ ਪੇਸ਼ਕਾਰੀ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ ਜਿਨ੍ਹਾਂ 19 ਪਲਾਸਟਿਕ ਦੀਆਂ ਵਸਤਾਂ ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਵਿੱਚ ਪਲਾਸਟਿਕ ਦੀ ਡੰਡੀਆਂ ਵਾਲੀਆਂ ਈਅਰ ਬਡਜ਼, ਪਲਾਸਟਿਕ ਦੇ ਝੰਡੇ, ਕੈਂਡੀ ਸਟਿੱਕਸ, ਆਈਸ ਕਰੀਮ ਸਟਿੱਕਸ, ਸਜਾਵਟ ਲਈ ਪੋਲੀਸਟਾਈਰੀਨ (ਥਰਮੋਕੋਲ), ਪਲੇਟਾਂ, ਕੱਪ, ਗਲਾਸ, ਕਟਲਰੀ ਜਿਵੇਂ ਕਿ ਕਾਂਟੇ, ਚਮਚੇ, ਚਾਕੂ, ਸਟ੍ਰਾਅ, ਟਰੇਅ, ਮਿਠਾਈਆਂ ਦੇ ਡੱਬਿਆਂ ਦੁਆਲੇ ਲਪੇਟਣ ਜਾਂ ਪੈਕਿੰਗ ਵਾਲੀਆਂ ਫਿਲਮਾਂ, ਸੱਦਾ ਪੱਤਰ ਅਤੇ ਸਿਗਰਟ ਦੇ ਪੈਕਿੰਗ, ਪਲਾਸਟਿਕ ਜਾਂ ਪੀ ਵੀ ਸੀ ਬੈਨਰ 100 ਮਾਈਕ੍ਰੋਨ ਤੋਂ ਘੱਟ ਪੂਰਣ ਤੌਰ ’ਤੇ ਪਾਬੰਦੀਸ਼ੁਦਾ ਹਨ। ਉਨ੍ਹਾਂ ਸਭਨਾਂ ਨੂੰ ਇਹ ਅਪੀਲ ਕੀਤੀ ਕਿ ਹੁਣ ਸਮਾਂ ਆ ਗਿਆ ਕਿ ਅਸੀ ਪਲਾਸਟਿਕ ਦੀਆਂ ਵਸਤਾਂ ਖਾਸਤੌਰ ਤੇ ਪਲੋਥੀਨ ਦੇ ਲਿਫਾਫਿਆ ਦੀ ਵਰਤੋਂ ਮੁਕੰਮਲ ਤੌਰ ਤੇ ਬੰਦ ਕਰ ਦਈਏ ਅਤੇ ਇਨ੍ਹਾਂ ਦੇ ਬਦਲ ਵਜੋਂ ਜੂਟ ਅਤੇ ਕੱਪੜੇ ਦੇ ਬਣੇ ਥੈਲਿਆਂ ਦੀ ਵਰਤੋਂ ਕਰੀਏ।
ਇਸ ਸਮਾਗਮ ਦੌਰਾਨ ਗੋਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਵਾਤਾਵਰਣ ਦੀ ਰਾਖੀ ਲਈ ਬਣਾਏ ਗੀਤ ਦੀ ਪੇਸ਼ਕਾਰੀ ਕੀਤੀ ਜਦਕਿ ਮਿਲੀਨੀਅਮ ਸਕੂਲ ਮੋਹਾਲੀ ਦੇ ਵਿਦਿਆਰਥੀਆਂ ਵਲੋਂ “ਸਾਰੇ ਜਹਾਂ ਸੇ ਅੱਛਾ” ਗੀਤ ਗਾਇਆ ਗਿਆ। ਅੰਤ ਵਿੱਚ ਰਾਸ਼ਟਰੀ ਗਾਣ ਰਾਹੀਂ ਸਮਾਗਮ ਦੀ ਸਮਾਪਤੀ ਕੀਤੀ ਗਈ। ਪ੍ਰਦੂਸ਼ਣ ਕੰਟਰੋਲ ਬੋਰਡ ਮੋਹਾਲੀ ਦੇ ਐਕਸੀਅਨ ਸ੍ਰੀ ਗੁਰਸ਼ਰਨ ਦਾਸ ਗਰਗ ਵੱਲੋਂ “ਵੋਟ ਆਫ ਥੈਕਸ” ਰਾਹੀਂ ਸਮਾਗਮ ਵਿੱਚ ਸ਼ਾਮਿਲ ਸਾਰੇ ਪਤਵੰਤਿਆ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮਿਲ ਕੇ ਬੂਟੇ ਵੀ ਲਗਾਏ ਗਏ।
ਸਮਾਗਮ ਵਿੱਚ ਪ੍ਰਮੁੱਖ ਤੌਰ ਤੇ ਸ੍ਰੀਮਤੀ ਨਵਜੋਤ ਕੌਰ ਕਮਿਸ਼ਨਰ ਨਗਰ ਨਿਗਮ ਮੋਹਾਲੀ, ਸ੍ਰੀਮਤੀ ਅਮਨਿੰਦਰ ਕੌਰ ਬਰਾੜ ਵਧੀਕ ਡਿਪਟੀ ਕਮਿਸ਼ਨਰ, ਸ੍ਰੀਮਤੀ ਪੂਜਾ ਐਸ ਗਰੇਵਾਲ(ਸ਼ਹਿਰੀ ਵਿਕਾਸ), ਸ੍ਰੀ ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀਮਤੀ ਸਰਬਜੀਤ ਕੌਰ ਐਸ.ਡੀ.ਐਮ. ਮੋਹਾਲੀ ਤੋਂ ਇਲਾਵਾ ਪ੍ਰਦੂਸ਼ਣ ਕੰਟਰੋਲ ਬੋਰਡ ਮੋਹਾਲੀ ਦੇ ਅਧਿਕਾਰੀ ਵੀ ਹਾਜ਼ਰ ਸਨ।
No comments:
Post a Comment