ਸਮਾਜਿਕ ਕ੍ਰਾਂਤੀ ਲਿਆਉਣ ਲਈ ਇਕਜੁੱਟ ਹੋਣ ਦੀ ਲੋੜ : ਲਸ਼ਕਰ ਸਿੰਘ
ਮੋਹਾਲੀ, 11 ਅਪ੍ਰੈਲ : ਭਾਰਤ ਵਿੱਚ ਲਗਾਤਾਰ ਜਾਤੀ ਅਤੇ ਧਰਮ ਦੇ ਆਧਾਰ ਉੱਤੇ ਲੋਕਾਂ ਵਿੱਚ ਪੜਾਅ ਖਤਮ ਹੋਣ ਦੀ ਬਜਾਏ ਦਿਨੋਂ ਦਿਨ ਵਧਦਾ ਜਾ ਰਿਹਾ ਹੈ, ਜਿਸ ਲਈ ਸਿੱਧੇ ਤੌਰ 'ਤੇ ਭਾਰਤ ਵਿਚ ਸੱਤਾ ਚਲਾਉਣ ਵਾਲੀਆਂ ਸਰਕਾਰਾਂ ਜਿੰਮੇਵਾਰ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਪਰਿਵਰਤਨ ਸੰਘ ਭਾਰਤ ਦੇ ਨੈਸ਼ਨਲ ਕੋਆਰਡੀਨੇਟਰ ਲਸ਼ਕਰ ਸਿੰਘ ਨੇ ਮੋਹਾਲੀ ਪ੍ਰੈਸ ਕਲੱਬ ਵਿਖੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਲਸ਼ਕਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਦਿਨੋਂ ਦਿਨ ਮਨੋਸਿਮਰਤੀ ਨੂੰ ਮਜ਼ਬੂਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨੋਸਿਮਰਤੀ ਦੀ ਵਿਚਾਰਧਾਰਾ ਮੁਤਾਬਕ ਦੱਬੇ-ਕੁਚਲੇ ਲੋਕਾਂ ਉਤੇ ਹੋਰ ਅੱਤਿਆਚਾਰ ਵੱਧ ਰਹੇ ਹਨ। ਉਹਨਾਂ ਕਿਹਾ ਕਿ ਬੀ.ਡੀ. ਸਵਰਕਰ ਨੂੰ ਇਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਦੇਸ਼ ਭਗਤ ਦੇ ਤੌਰ ਉਤੇ ਉਭਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀ.ਡੀ. ਸਵਰਕਰ ਸ਼ੁਰੂ ਵਿੱਚ ਇਕ ਦੇਸ਼ ਭਗਤ ਸਨ, ਪ੍ਰੰਤੂ ਫੜੇ ਜਾਣ ਤੋਂ ਬਾਅਦ ਉਨ੍ਹਾਂ ਅੰਗਰੇਜ਼ਾਂ ਤੋਂ ਮੁਆਫੀ ਮੰਗੀ ਅਤੇ ਉਨ੍ਹਾਂ ਲਈ ਹੀ ਕੰਮ ਕਰਦੇ ਰਹੇ। ਉਨਾਂ ਕਿਹਾ ਕਿ ਦਿਨੋਂ ਦਿਨ ਦੇਸ਼ ਨੂੰ ਜਿਸ ਪਾਸੇ ਧੱਕਿਆ ਜਾ ਰਿਹਾ ਹੈ, ਉਹ ਸਾਡੇ ਲੋਕਾਂ ਲਈ ਖਤਰਨਾਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇਕ ਸਮਾਜਿਕ ਕ੍ਰਾਂਤੀ ਲਿਆਉਣੀ ਪਵੇਗੀ।
ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਚੋਣਾਂ ਜਿੱਤ ਕੇ ਪਾਰਲੀਮੈਂਟ ਵਿੱਚ ਜਾਣ ਵਾਲੇ ਮੈਂਬਰ ਲੋਕਾਂ ਲਈ ਕੰਮ ਕਰਨ ਦੀ ਬਜਾਏ ਇਕ ਹੀ ਸੋਚ ਦੇ ਮੁਤਾਬਕ ਆਪਣੇ ਨਿੱਜੀ ਹਿੱਤਾਂ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਇਕ ਸਹੀ ਰਾਹ 'ਤੇ ਲਿਜਾਣ ਲਈ ਵੱਡੀ ਕ੍ਰਾਂਤੀ ਲਿਆਉਣ ਦੀ ਲੋੜ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਲਾਮਬੰਦ ਹੋ ਕੇ ਸਮਾਜਿਕ ਕ੍ਰਾਂਤੀ ਵਾਸਤੇ ਇਕਜੁੱਟ ਹੋਣਾ ਚਾਹੀਦਾ ਹੈ।
ਇਸ ਮੌਕੇ ਉਨ੍ਹਾਂ ਨਾਲ ਕਸ਼ਮੀਰ ਤੋਂ ਫੌਜ ਅਹਿਮਦ ਭੱਟ, ਹਿਮਾਚਲ ਪ੍ਰਦੇਸ਼ ਤੋਂ ਪ੍ਰਦੀਪ ਸਿੰਘ, ਗੁਜਰਾਤ ਤੋਂ ਪੀ ਪਾਸਵਾਨ ਅਤੇ ਪੰਜਾਬ ਤੋਂ ਹਰਸ਼ਰਨਜੀਤ ਸਿੰਘ, ਬਲਜੀਤ ਸਿੰਘ ਅਤੇ ਦਲਜੀਤ ਸਿੰਘ ਹਾਜਰ ਸਨ।
No comments:
Post a Comment