ਸੰਵੇਦਨਸ਼ੀਲ ਸਵਾਲਾਂ ਨਾਲ ਨਜਿੱਠਦੀ ਹੈ ਜੀ.ਪੀ. ਦੀ ਕਿਤਾਬ*
ਮੋਹਾਲੀ, 10 ਜੂਨ : ਸਿੱਖ ਇਤਿਹਾਸ ਜਾਂ ਧਰਮ ਗ੍ਰੰਥ ਸਬੰਧੀ ਕਈ ਬੁੱਧੀਜੀਵੀਆਂ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਉਠਾਏ ਜਾਂਦੇ ਸਵਾਲਾਂ ਨਾਲ ਨਜਿੱਠਦੀ ਹੋਈ ਕਿਤਾਬ ‘‘ਪ੍ਰਤੀਗਾਮੀ ਸ਼ੰਕਿਆਂ ਤੋਂ ਸਿਰਜਣਾਤਮਕ ਪ੍ਰਸ਼ਨ ਵੱਲ’ ਗੁਰਪ੍ਰੀਤ ਸਿੰਘ ਜੀਪੀ ਦਾ ਇੱਕ ਨਿਵੇਕਲਾ ਉਪਰਾਲਾ ਹੈ। ਉਨ੍ਹਾਂ ਇਹ ਕਿਤਾਬ ਪੰਜਾਬੀ ਦੇ ਨਾਲ-ਨਾਲ ਹਿੰਦੀ ਵਿੱਚ ਵੀ ਪ੍ਰਕਾਸ਼ਿਤ ਕਰਵਾਈ ਹੈ, ਜਿਸਦਾ ਸਿਰਲੇਖ ਪ੍ਰਤੀਗਾਮੀ ਸੰਦੇਹ ਸੇ ਸਿਰਜਣਾਤਮਕ ਪ੍ਰਸ਼ਨ ਕੀ ਓਰ ਹੈ।
ਲੇਖਕ ਨੇ ਅਨੇਕਾਂ ਹੀ ਮਹੱਤਵਪੂਰਨ ਸੰਵੇਦਨਸ਼ੀਲ ਸਵਾਲਾਂ ਨਾਲ ਨਜਿੱਠਣ ਦੀ ਹਿੰਮਤ ਕੀਤੀ ਹੈ, ਜਿਹੜੇ ਇਨਸਾਨ ਦੇ ਦਿਮਾਗ ਨੂੰ ਭਟਕਾਉਣ ਦਾ ਕੰਮ ਕਰਦੇ ਹਨ। ਆਪਣੇ ਇਸ ਯਤਨ ਸਬੰਧੀ ਬੋਲਦਿਆਂ ਸ਼੍ਰੀ ਜੀ.ਪੀ. ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਬੇਸ਼ੱਕ ਹਿੰਦੀ ਭਾਸ਼ਾਈ ਲੋਕ ਸਿੱਖੀ ਵੱਲ ਆਕਰਸ਼ਿਤ ਹੋ ਰਹੇ ਹਨ, ਪਰ ਹਿੰਦੀ ਵਿੱਚ ਬਹੁਤ ਘੱਟ ਚੰਗੀਆਂ ਕਿਤਾਬਾਂ ਲਿਖੀਆਂ ਗਈਆਂ ਹਨ ਜੋ ਉਨ੍ਹਾਂ ਨੂੰ ਸਿੱਖ ਇਤਿਹਾਸ ਸਿੱਖਣ ਵਿੱਚ ਮੱਦਦ ਕਰ ਸਕਣ।
ਉਨ੍ਹਾਂ ਕਿਹਾ ਕਿ ਕਿਤਾਬ ਦਾ ਸਿਰਲੇਖ ਹੀ ਦੱਸਦਾ ਹੈ ਕਿ ਇਹ ਕਿਤਾਬ ਸਿੱਖ ਇਤਿਹਾਸ ਜਾਂ ਧਰਮ ਗ੍ਰੰਥ ਪ੍ਰਤੀ ਪਾਏ ਜਾਂਦੇ ਸ਼ੰਕਿਆਂ ਦਾ ਜਵਾਬ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਨੇਕਾਂ ਅਜਿਹੇ ਸਵਾਲ ਹਨ ਜਿਹੜੇ ਨਾ ਤਾਂ ਸਿਧਾਂਤਕ ਪੱਧਰ ਤੇ ਖਰ੍ਹੇ ਹਨ ਅਤੇ ਨਾ ਹੀ ਇਤਿਹਾਸ ਦੀ ਸਹੀ ਸਮਝ ਵਿੱਚੋਂ ਆਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਵਾਲ ਅਧੂਰੇ ਗਿਆਨ ਅਤੇ ਹੰਕਾਰ ਦੀ ਉਪਜ ਹਨ ਜਾਂ ਸਿੱਖੀ ਪ੍ਰਤੀ ਈਰਖਾ ਦੇ ਕਾਰਨ ਹਨ। ਉਨ੍ਹਾਂ ਦੱਸਿਆ ਕਿ ਕਿਤਾਬ ਵਿੱਚ ਚਾਰ ਤਰੀਕਿਆਂ ਨਾਲ ਦਲੀਲ ਦਿੱਤੀ ਗਈ ਹੈ: ਸਿਧਾਂਤਕ ਪੱਖ, ਸਮਾਜਿਕ ਅਤੇ ਸੱਭਿਆਚਾਰਕ ਪੱਖ, ਇਤਿਹਾਸ ਪੱਖ ਅਤੇ ਉਨ੍ਹਾਂ ਖੁਦ ਦਾ ਪੱਖ।
ਉਨ੍ਹਾਂ ਦੱਸਿਆ ਕਿ ਖੁਦ ਦੇ ਪੱਖ ਵਿੱਚ ਉਨ੍ਹਾਂ ਪ੍ਰੋਫੈਸਰ ਰੌਣਕੀ ਰਾਮ ਅਤੇ ਡਾ: ਧਰਮਵੀਰ ਦੀਆਂ ਲਿਖਤਾਂ ਦਾ ਅਲੋਚਨਾਤਮਕ ਵਿਸ਼ਲੇਸ਼ਣ ਕਰਨ ਦੇ ਨਾਲਨਾਲ ਬਾਬੂ ਮੰਗੂ ਰਾਮ ਮਾਂਗੇਵਾਲੀਆ ਵਰਗੇ ਹੋਰ ਦਲਿਤ ਚਿੰਤਕਾਂ ਦੇ ਕਾਰਜ਼ ਖੇਤਰ ਨੂੰ ਵੀ ਛੋਹਿਆ ਹੈ।ਉਨ੍ਹਾਂ ਦੱਸਿਆ ਕਿ ਇਹ ਪੁਸਤਕ ਦਲਿਤ ਲੇਖਨੀ ਦਾ ਗੁਰਬਾਣੀ ਦੀ ਕਸੌਟੀ ਦੇ ਅਧਾਰ ਤੇ ਵਿਸ਼ਲੇਸ਼ਣ ਕਰਦੀ ਹੈ ਅਤੇ ਦਲਿਤ ਚਿੰਤਨ ਲਈ ਨਵੇਂ ਰਾਹ ਖੋਲ੍ਹਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਦੇ ਹਿੰਦੀ ਐਡੀਸ਼ਨ ਦੀ ਪਹਿਲੀ ਕਾਪੀ 1 ਮਈ ਨੂੰ ਬਹਿਰੀਨ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਭੇਂਟ ਕੀਤੀ ਗਈ ਸੀ, ਇਹ ਕਿਤਾਬ ਏਮਾਜੋਨ, ਫਲਿਪਕਾਰਟ ਅਤੇ ਵਾਇਟ ਫਲਕਾਂ ਪਬਲਿਸ਼ਰ ਦੀ ਵੈਬਸਾਇਟ ਤੋਂ ਖਰੀਦੀ ਜਾ ਸਕਦੀ ਹੈ।
ਇਹ ਕਿਤਾਬ ਲੇਖਕ ਦੀਆਂ ਕਿਤਾਬਾਂ ਦੀ ਦੂਜੀ ਲੜੀ ਹੈ। ਇਸ ਤੋਂ ਪਹਿਲਾਂ 2019 ਵਿੱਚ ਸਿੱਖ ਦੀ ਇਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਅਤੇ ਅੰਗਰੇਜੀ ਵਿੱਚ ਪ੍ਰਕਾਸ਼ਿਤ ਹੋਈ ਸੀ।


No comments:
Post a Comment