ਏ ਡੀ ਸੀ ਸੋਨਮ ਚੌਧਰੀ ਨੇ ਮਾਈਂਡਸਪਾਰਕ ਵੱਲੋਂ ਅਪਣਾਏ ਸਕੂਲਾਂ ਨੂੰ ਲੈਪਟਾਪ ਅਤੇ ਕੰਪਿਊਟਰ ਸੈੱਟ ਸੌਂਪੇ
ਐਸ.ਏ.ਐਸ.ਨਗਰ, 02 ਨਵੰਬਰ : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀਮਤੀ ਸੋਨਮ ਚੌਧਰੀ ਨੇ ਅੱਜ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਮਾਈਂਡਸਪਾਰਕ ਈ ਆਈ ਵੱਲੋਂ ਅਪਣਾਏ ਗਏ 34 ਸਰਕਾਰੀ ਸਕੂਲਾਂ ਦੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਵਧਾਉਣ ਲਈ ਸਕੂਲਾਂ ਨੂੰ ਲੈਪਟਾਪ ਅਤੇ ਡੈਸਕਟਾਪ ਕੰਪਿਊਟਰ ਸੌਂਪੇ।
ਮਾਈਂਡਸਪਾਰਕ ਈ ਆਈ ਦੇ ਸਹਯੋਗੀ ਯਤਨਾਂ ਇਸ ਤਹਿਤ 'ਐਜੂਕੇਸ਼ਨਲ ਇਨੀਸ਼ੀਏਟਿਵ' ਦੁਆਰਾ ਤਿਆਰ ਕੀਤਾ ਗਿਆ ਇੱਕ ਮਸਨੂਈ ਸਿਆਣਪ (ਏ ਆਈ) -ਸਮਰੱਥ 'ਪਰਸਨਲਾਈਜ਼ਡ ਅਡੈਪਟਿਵ ਲਰਨਿੰਗ' ਪਲੇਟਫਾਰਮ ਜੋ ਵਿੱਦਿਆਰਥੀ ਦੀ ਸਮਝ ਦੇ ਸਹੀ ਪੱਧਰ 'ਤੇ ਪੜ੍ਹਾਉਣ 'ਤੇ ਕੇਂਦ੍ਰਤ ਕਰਦਾ ਹੈ, ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਸਕੂਲਾਂ ਦੇ ਮੁਖੀਆਂ ਨੂੰ ਉਨ੍ਹਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਬੁਨਿਆਦੀ ਸਰੋਤਾਂ ਦੀ ਸਹੀ ਵਰਤੋਂ ਕਰਨ ਲਈ ਕਿਹਾ।
ਏ.ਡੀ.ਸੀ. ਨੇ ਅੱਗੇ ਦੱਸਿਆ ਕਿ ਸ਼ੁਰੂ ਵਿੱਚ 21 ਸਕੂਲਾਂ ਚ ਸ਼ੁਰੂ ਹੋਏ ਇਸ ਪ੍ਰੋਗਰਾਮ ਨੂੰ ਹੁਣ ਜ਼ਿਲ੍ਹੇ ਦੇ 34 ਸਕੂਲਾਂ ਤੱਕ ਲਿਜਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੋਜੈਕਟ ਦੇ ਤਹਿਤ ਘੱਟੋ-ਘੱਟ ਪੰਜ ਕੰਪਿਊਟਰਾਂ ਵਾਲੇ ਸਕੂਲਾਂ ਦੀ ਚੋਣ ਕੀਤੀ ਗਈ ਹੈ ਜਿੱਥੇ ਵਿਦਿਆਰਥੀਆਂ ਨੂੰ ਡਿਜੀਟਲ ਰੂਪ ਵਿੱਚ ਉਪਲਬਧ ਈ-ਸਮੱਗਰੀ ਤੱਕ ਪਹੁੰਚ ਕਰਨ ਲਈ ਇੱਕ ਵਿਅਕਤੀਗਤ ਲੌਗਇਨ ਪ੍ਰਦਾਨ ਕੀਤਾ ਗਿਆ ਹੈ।
ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਪ੍ਰੋਜੈਕਟ ਵਿਦਿਆਰਥੀਆਂ ਲਈ ਸਿੱਖਣ ਅਤੇ ਅਧਿਆਪਨ ਦੇ ਵਿਚਕਾਰ ਜੇਕਰ ਕੋਈ ਪਾੜਾ ਹੈ ਤਾਂ ਉਸ ਨੂੰ ਪੂਰਾ ਕਰਨ ਲਈ ਲਾਹੇਵੰਦ ਸਾਬਤ ਹੋਵੇਗਾ।
ਮਾਈਂਡਸਪਾਰਕ ਦੀ ਸੂਬਾਈ ਮੁਖੀ ਪ੍ਰਿਆ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਪਟਿਆਲਾ ਅਤੇ ਮੋਗਾ ਜ਼ਿਲ੍ਹਿਆਂ ਵਿੱਚ ਵੀ ਵਿਦਿਆਰਥੀਆਂ ਵਿੱਚ ਸਿੱਖਣ ਦੇ ਪਾੜੇ ਨੂੰ ਘਟਾਉਣ ਦੇ ਉਦੇਸ਼ ਨਾਲ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਤਾਜ਼ਾ ਅਧਿਐਨ ਨੇ ਇਹ ਸਥਾਪਿਤ ਕੀਤਾ ਹੈ ਕਿ ਮਾਈਂਡਸਪਾਰਕ ਦੀ ਨਿਯਮਤ ਵਰਤੋਂ ਨਾਲ ਇੱਕ ਸਾਲ ਦੇ ਅੰਦਰ ਸਿੱਖਣ ਵਿੱਚ ਹੋਣ ਵਾਲੇ ਸੁਧਾਰਾਂ ਵਿੱਚ 5 ਗੁਣਾ ਵਾਧਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਟੈਬ/ਲੈਪਟਾਪ/ਡੈਸਕਟੌਪ ਅਤੇ ਹੈੱਡਫੋਨ ਪ੍ਰਦਾਨ ਕਰਕੇ ਉਸ ਦੇ ਸਿੱਖਣ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਡਿਜ਼ੀਟਲ ਤਰੀਕੇ ਨਾਲ ਲੈਸ ਕੀਤਾ ਜਾਵੇਗਾ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਅੰਗਰੇਜ ਸਿੰਘ ਅਤੇ ਪਰਮਿੰਦਰ ਕੌਰ ਨੇ ਮਾਈਂਡਸਪਾਰਕ ਪ੍ਰੋਗਰਾਮ ਦੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਯਕੀਨੀ ਤੌਰ 'ਤੇ ਵਿਦਿਆਰਥੀਆਂ ਦੇ ਗਿਆਨ ਨੂੰ ਡਿਜੀਟਲ ਰੂਪ ਵਿੱਚ ਮਜ਼ਬੂਤ ਕਰਕੇ ਉਨ੍ਹਾਂ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਕਰਦਾ ਹੈ।
ਜਿਨ੍ਹਾਂ ਸਕੂਲਾਂ ਦੇ ਸਕੂਲ ਮੁਖੀਆਂ/ਪ੍ਰਤੀਨਿਧੀਆਂ ਨੂੰ ਲੈਪਟਾਪ ਅਤੇ ਡੈਸਕਟਾਪ ਦਿੱਤੇ ਗਏ ਸਨ, ਉਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਪੜੌਲ, ਮਾਨਕਪੁਰ ਸਰੀਫ਼, ਮੱਛਲੀ ਕਲਾਂ, ਕਰੌਰਾਂ ਖੁਰਦ, ਮੁਬਾਰਕਪੁਰ ਕੈਂਪ, ਮੌਲੀ ਬੈਦਵਾਨ, ਚੋਲਟਾ ਖੁਰਦ, ਛੱਤ, ਸਰਕਾਰੀ ਮਿਡਲ ਸਕੂਲ ਫੇਜ਼ 9, ਸਰਕਾਰੀ ਮਿਡਲ ਸਕੂਲ ਫੇਜ਼ 10, ਸਰਕਾਰੀ ਮਿਡਲ ਸਕੂਲ ਧਰਮਗੜ੍ਹ, ਸਰਕਾਰੀ ਮਿਡਲ ਸਕੂਲ ਸਨੇਟਾ ਅਤੇ ਸਰਕਾਰੀ ਮਿਡਲ ਸਕੂਲ ਕੰਬਾਲਾ ਸ਼ਾਮਿਲ ਹਨ।
No comments:
Post a Comment