SBP GROUP

SBP GROUP

Search This Blog

Total Pageviews

Wednesday, August 9, 2023

ਪੰਜਾਬ ਟੂਰਿਜ਼ਮ ਸੰਮੇਲਨ ਸੂਬੇ ਚ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਿਤ ਕਰਨ ਚ ਅਹਿਮ ਰੋਲ ਨਿਭਾਏਗਾ- ਕੈਬਨਿਟ ਮੰਤਰੀ ਅਨਮੋਲ ਗਗਨ ਮਾਨ

 ਐਸ.ਏ.ਐਸ.ਨਗਰ, 9 ਅਗਸਤ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਗਲੇ ਮਹੀਨੇ ਸੂਬੇ ਵਿੱਚ ਸੈਰ ਸਪਾਟਾ ਸਨਅਤ ਨੂੰ ਪ੍ਰਫੁਲਤ ਕਰਨ ਅਤੇ ਇਥੋਂ ਦੇ ਸਭਿਆਚਾਰ ਅਤੇ ਅਮੀਰ ਵਿਰਾਸਤ ਬਾਰੇ ਦੁਨੀਆਂ ਨੂੰ ਜਾਣੂ ਕਰਾਉਣ ਲਈ ਕਰਵਾਇਆ ਜਾਣ ਵਾਲਾ ਪੰਜਾਬ ਟੂਰਿਜ਼ਮ ਸੰਮੇਲਨ ਸੂਬੇ ਚ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਿਤ ਕਰਨ ਚ ਅਹਿਮ ਰੋਲ ਨਿਭਾਏਗਾ।


        ਇਹ ਪ੍ਰਗਟਾਵਾ ਕਰਦਿਆਂ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸੈਰ-ਸਪਾਟੇ ਦੀ ਅਥਾਹ ਸੰਭਾਵਨਾ ਹੈ, ਭਾਵੇਂ ਇਹ ਈਕੋ ਟੂਰਿਜ਼ਮ ਹੋਵੇ, ਅਡਵੈਂਚਰਸ ਜਾਂ ਵਾਟਰ ਟੂਰਿਜ਼ਮ, ਜਿਸ ਨੂੰ ਆਉਣ ਵਾਲੇ ਦਿਨਾਂ ਵਿੱਚ ਪਹਿਲੇ 'ਪੰਜਾਬ ਟੂਰਿਜ਼ਮ ਸੰਮੇਲਨ' ਦੀ ਮੇਜ਼ਬਾਨੀ ਕਰਕੇ ਵੱਡੇ ਪੱਧਰ ਤੇ ਵਿਚਾਰਿਆ ਜਾਵੇਗਾ।

         'ਪੰਜਾਬ ਟੂਰਿਜ਼ਮ ਸੰਮੇਲਨ' ਦੀਆਂ ਤਿਆਰੀਆਂ ਵਜੋਂ ਅੱਜ ਸੈਰ ਸਪਾਟਾ ਅਤੇ ਨਿਵੇਸ਼ ਪ੍ਰਮੋਸ਼ਨ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਸੀਸਵਾਂ ਡੈਮ,ਅਮਿਟੀ ਯੂਨੀਵਰਸਿਟੀ ਅਤੇ ਚਮਕੌਰ ਸਾਹਿਬ ਦੇ ਦਾਸਤਾਨ ਏ ਸ਼ਹਾਦਤ ਦਾ ਦੌਰਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸੰਮੇਲਨ ਵਿੱਚ ਸੂਬੇ ਦੇ ਇਤਿਹਾਸ ਨਾਲ ਸਬੰਧਤ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ, ਸੈਮੀਨਾਰ ਅਤੇ ਵੱਖ ਵੱਖ ਈਵੈਂਟ ਕਰਵਾਏ ਜਾਣਗੇ।

           ਉਨ੍ਹਾਂ ਕਿਹਾ ਕਿ ਸੀਸਵਾਂ ਡੈਮ ਜਲ ਸੈਰ-ਸਪਾਟੇ ਤੋਂ ਇਲਾਵਾ ਵਿਲੱਖਣ ਸੁੰਦਰਤਾ ਵੀ ਰੱਖਦਾ ਹੈ। ਭਾਵੇਂ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਨੇ ਇਸ ਸਥਾਨ ਨੂੰ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਲਈ ਤਿਆਰ ਕੀਤਾ ਹੈ, ਪਰ ਇਸ ਨੂੰ ਹੋਰ ਆਕਰਸ਼ਕ ਬਣਾਉਣ ਲਈ ਇੱਥੇ ਬਹੁਤ ਸਾਰੇ ਵਾਧੇ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਡੈਮ ਝੀਲ ਦੇ ਵਿਚਕਾਰ ਪਹਾੜੀਆਂ ਤੱਕ ਹਟਸ, ਕੌਫੀ ਸ਼ਾਪ ਅਤੇ ਟਿੰਬਰ ਟ੍ਰੇਲ ਇਸਦੀ ਸੁੰਦਰਤਾ ਨੂੰ ਹੋਰ ਵਧਾ ਸਕਦਾ ਹੈ। ਇਹ ਡੈਮ ਸਾਈਟ ਟ੍ਰਾਈਸਿਟੀ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਤੋਂ ਇਲਾਵਾ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਸੈਲਾਨੀਆਂ  ਦੀ ਆਮਦ ਦੀ ਵੀ ਵੱਡੀ ਸੰਭਾਵਨਾ ਰੱਖਦੀ ਹੈ।

        ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਅਡਵੈਂਚਰਸ ਜਾਂ ਵਾਟਰ ਟੂਰਿਜ਼ਮ ਨੀਤੀਆਂ ਨੂੰ ਨੋਟੀਫਾਈ ਕੀਤਾ ਹੈ ਪਰ ਸੂਬੇ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਈਕੋ ਟੂਰਿਜ਼ਮ ਨੀਤੀ ਦੀ ਵੀ ਸਖ਼ਤ ਲੋੜ ਹੈ, ਜਿਸ ਵਿੱਚ ਅਮੀਰ ਸੱਭਿਆਚਾਰ ਅਤੇ ਵਿਰਾਸਤ ਦੀ ਮਹਾਨ ਵਿਰਾਸਤ ਹੈ।

         ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰਮੋਸ਼ਨ, ਕਿਰਤ ਅਤੇ ਪ੍ਰਾਹੁਣਚਾਰੀ ਮੰਤਰੀ ਨੇ ਅੱਗੇ ਕਿਹਾ ਕਿ ਇਸ ਦਿਸ਼ਾ ਵਿੱਚ ਕੰਮ ਕਰਨ ਲਈ, ਸੈਰ ਸਪਾਟਾ, ਡਰੇਨੇਜ ਅਤੇ ਜੰਗਲਾਤ ਅਤੇ ਜੰਗਲੀ ਜੀਵ ਦੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਸੈਰ ਸਪਾਟਾ ਨੀਤੀਆਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਤਾਲਮੇਲ ਵਿੱਚ ਕਮੀਆਂ ਨੂੰ ਦੂਰ ਕੀਤਾ ਜਾ ਸਕੇ।  

        ਉਨ੍ਹਾਂ ਕਿਹਾ ਕਿ ਪ੍ਰਸਤਾਵਿਤ 'ਪੰਜਾਬ ਟੂਰਿਜ਼ਮ ਸਮਿਟ' ਸੂਬੇ ਦੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਸੈਰ-ਸਪਾਟਾ ਆਧਾਰਿਤ ਨਿਵੇਸ਼ ਲਈ ਰਾਹ ਪੱਧਰਾ ਕਰੇਗਾ।

        ਡਵੀਜ਼ਨਲ ਜੰਗਲਾਤ ਅਫ਼ਸਰ ਕੰਵਰਦੀਪ ਸਿੰਘ ਨੇ ਮੰਤਰੀ ਨੂੰ ਸੀਸਵਾਂ ਡੈਮ ਅਤੇ ਮਿਰਜ਼ਾਪੁਰ ਡੈਮ ਨਾਲ ਸਬੰਧਤ ਵਿਕਾਸ ਕਾਰਜਾਂ ਤੋਂ ਜਾਣੂ ਕਰਵਾਇਆ।  ਉਨ੍ਹਾਂ ਕਿਹਾ ਕਿ ਮਿਰਜ਼ਾਪੁਰ ਡੈਮ ਤੱਕ ਪੰਜ ਕਿਲੋਮੀਟਰ ਦਾ ਟਰੈਕਿੰਗ ਟ੍ਰੇਲ ਬਣਾਉਣ ਤੋਂ ਇਲਾਵਾ ਪੱਲਣਪੁਰ ਤੋਂ ਸੀਸਵਾਂ ਡੈਮ ਤੱਕ ਟ੍ਰੇਲ ਵੀ ਚੱਲ ਰਿਹਾ ਹੈ। ਸੀਸਵਾਂ ਡੈਮ ਵਿੱਚ ਝੌਂਪੜੀਆਂ ਵੀ ਹਨ ਜਿਨ੍ਹਾਂ ਨੂੰ ਕਾਰਜਸ਼ੀਲ ਬਣਾਉਣ ਲਈ ਜਲਦੀ ਹੀ ਲੀਜ਼ 'ਤੇ ਦਿੱਤਾ ਜਾਵੇਗਾ ਜਦ ਕਿ ਕਿਸ਼ਤੀਆਂ ਪਹਿਲਾਂ ਹੀ ਚੱਲ ਰਹੀਆਂ ਹਨ।

         ਬਾਅਦ ਵਿੱਚ ਉਨ੍ਹਾਂ ਮੋਹਾਲੀ ਦੀ ਅਮਿਟੀ ਯੂਨੀਵਰਸਿਟੀ ਦਾ ਦੌਰਾ ਵੀ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਵੱਖ ਵੱਖ ਥਾਵਾਂ ਦਾ ਦੌਰਾ ਕਰਕੇ ਸੂਬੇ ਦੇ ਇਸ ਪਹਿਲੇ ਵੱਕਾਰੀ ਸੰਮੇਲਨ ਲਈ ਢੁਕਵੀਆਂ ਥਾਵਾਂ ਨੂੰ ਵਿਚਾਰਿਆ ਜਾ ਰਿਹਾ ਹੈ।

         ਮੰਤਰੀ ਦੇ ਨਾਲ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੀ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ,  ਸੀ ਈ ਓ ਇੰਨਵੈਸਟ ਪੰਜਾਬ ਕਮਲ ਕਿਸ਼ੋਰ ਯਾਦਵ, ਡਾਇਰੈਕਟਰ ਸੈਰ ਸਪਾਟਾ ਸ੍ਰੀਮਤੀ ਅੰਮ੍ਰਿਤ ਸਿੰਘ, ਵਧੀਕ  ਸੀ ਈ ਓ ਇੰਨਵੈਸਟ ਪੰਜਾਬ ਜਸਪ੍ਰੀਤ ਸਿੰਘ ਵੀ ਮੌਜੂਦ ਸਨ।

No comments:


Wikipedia

Search results

Powered By Blogger