ਖਰੜ, 26 ਸਤੰਬਰ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਵਿਧਾਨ ਸਭਾ ਹਲਕਾ ਖਰੜ ਦਾ ਦੌਰਾ ਕਰਦਿਆਂ, ਕੌਂਸਲਰ ਕਮਲ ਕਿਸ਼ੋਰ ਸ਼ਰਮਾ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।
ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਹੀ ਇਲਾਕੇ ਦਾ ਵਿਕਾਸ ਹੋਇਆ ਹੈ। ਪਿਛਲੇ ਡੇਢ ਸਾਲ ਵਿੱਚ ਇੱਥੇ ਵਿਕਾਸ ਦੀ ਇੱਕ ਇੱਟ ਵੀ ਨਹੀਂ ਰੱਖੀ ਗਈ। ਹਾਲਾਤ ਇਹ ਹਨ ਕਿ ਬੁਨਿਆਦੀ ਸਹੂਲਤਾਂ ਦਾ ਵੀ ਬੁਰਾ ਹਾਲ ਹੈ। ਇਸਦੇ ਉਲਟ ਸੂਬੇ ਸਿਰ ਕਰਜ਼ੇ ਦਾ ਬੋਝ ਵਧਦਾ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਨਾਲ ਸਰਕਾਰ ਕੰਮ ਕਰ ਰਹੀ ਹੈ, ਉਸਦਾ ਨਤੀਜਾ ਲੋਕਾਂ ਨੂੰ ਵੱਡੇ ਕਰਜ਼ਿਆਂ ਦੇ ਰੂਪ ਵਿੱਚ ਭੁਗਤਣਾ ਪਵੇਗਾ। ਇਸੇ ਤਰ੍ਹਾਂ, ਉਨ੍ਹਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਲਪੇਟ ਵਿੱਚ ਲੈ ਰਹੇ ਨਸ਼ਿਆਂ ਦੀ ਗੰਭੀਰ ਸਮੱਸਿਆ ਬਾਰੇ ਵੀ ਚਿੰਤਾ ਪ੍ਰਗਟਾਈ। ਸੰਸਦ ਮੈਂਬਰ ਨੇ ਕਿਹਾ ਕਿ ਵਿਕਾਸ ਨੂੰ ਜ਼ਮੀਨੀ ਪੱਧਰ 'ਤੇ ਵੀ ਦੇਖਿਆ ਜਾਣਾ ਚਾਹੀਦਾ ਹੈ, ਸਿਰਫ਼ ਇਸ਼ਤਿਹਾਰਬਾਜ਼ੀ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਗੁਰਵਿੰਦਰ ਸਿੰਘ ਬੈਦਵਾਨ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਖਰੜ, ਜਸਬੀਰ ਸਿੰਘ ਭੋਲਾ ਕੌਂਸਲਰ, ਗਿਆਨ ਸਿੰਘ ਬਾਜਵਾ, ਸਵਰਨਜੀਤ ਕੌਰ, ਸਰਬਜੀਤ ਕੌਰ, ਤੇਜਾ ਸਿੰਘ ਜੰਡੂ, ਸ਼ੇਰ ਸਿੰਘ ਗੁਰਾਇਆ, ਬੱਬੂ ਸਿੰਘ, ਵਰਿੰਦਰ ਭਾਮਾ, ਪਰਮਿੰਦਰ ਸੇਠੀ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।
No comments:
Post a Comment